ਲੁਧਿਆਣਾ, 24 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਵਰਕਰਾਂ ਨਾਲ ਦੁਰਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਫੈਕਟਰੀ ਵਿੱਚੋਂ ਭਜਾਉਣ ਦੇ ਦੋਸ਼ ਹੇਠ ਕਾਰਵਾਈ ਕਰਦਿਆਂ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਕਮਿਸ਼ਨਰ ਨੇ ਬੀ ਬਲਾਕ ਅਗਰ ਨਗਰ ਦੇ ਵਸਨੀਕ ਸੰਜੀਵ ਗਰਗ ਦੀ ਸ਼ਿਕਾਇਤ ’ਤੇ ਜਾਂਚ ਮਗਰੋਂ ਕਾਰਵਾਈ ਕੀਤੀ ਹੈ। ਪੁਲੀਸ ਨੇ ਸ਼ਿਕਾਇਤਕਰਤਾ ਸੰਜੀਵ ਗਰਗ ਦੇ ਭਰਾ ਰਾਜੀਵ ਗਰਗ, ਉਸ ਦੇ ਪੁੱਤਰ ਵਰੁਣ ਗਰਗ, ਕਰਨ ਗਰਗ ਅਤੇ ਕਰਨ ਦੀ ਪਤਨੀ ਹਿਨਾ ਖ਼ਿਲਾਫ਼ ਧੋਖਾਧੜੀ ਕਰਨ ਅਤੇ ਟਰੱਸਟ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੋਹੇ ਦੇ ਨਟ ਅਤੇ ਬੋਲਟ ਬਣਾਉਣ ਦੀ ਫੈਕਟਰੀ ਹੈ, ਜਿੱਥੇ ਉਕਤ ਮੁਲਜ਼ਮ ਬਤੌਰ ਵਰਕਰ ਕੰਮ ਕਰਦੇ ਹਨ। ਕਿਸੇ ਧਿਰ ਤੋਂ ਕਰਨ ਗਰਗ ਨੇ 9 ਲੱਖ 49 ਹਜ਼ਾਰ 410 ਰੁਪਏ ਦਾ ਚੈੱਕ ਲਿਆ ਸੀ ਪਰ ਬਾਅਦ ਵਿੱਚ ਉਸ ਨੂੰ ਨਹੀਂ ਦਿੱਤਾ। ਉਕਤ ਵਿਅਕਤੀਆਂ ਨੇ ਮਜ਼ਦੂਰਾਂ ਨੂੰ ਫੈਕਟਰੀ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਫੋਨ ‘ਤੇ ਗਾਲੀ-ਗਲੋਚ ਕਰਕੇ ਧਮਕੀਆਂ ਦਿੱਤੀਆਂ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੇ 5 ਕਰੋੜ ਰੁਪਏ ਵਾਪਸ ਨਾ ਕਰਕੇ ਉਸ ਨਾਲ ਠੱਗੀ ਮਾਰੀ ਹੈ। ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।