ਚੰਡੀਗੜ੍ਹ /ਨਵੀਂ ਦਿੱਲੀ, 23 ਅਪ੍ਰੈਲ ,ਬੋਲੇ ਪੰਜਾਬ ਬਿਓਰੋ:- “ਮੈਂ ਆਪਣੇ ਸੰਗਰੂਰ ਪਾਰਲੀਮੈਟ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਸੰਗਰੂਰ ਹਲਕੇ ਵਿਚ ਪੈਣ ਵਾਲੀਆ ਮੰਡੀਆਂ ਵਿਚ ਵੀ ਨਿਰੰਤਰ ਨਾਲੋ-ਨਾਲ ਦੌਰਾ ਕਰ ਰਿਹਾ ਹਾਂ । ਮੈਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਪੰਜਾਬ ਸਰਕਾਰ ਤੇ ਇੰਡੀਆ ਸਰਕਾਰ ਵੱਲੋ ਜੋ ਏਜੰਸੀਆਂ ਕਣਕ ਦੀ ਖਰੀਦ ਲਈ ਮੰਡੀਆਂ ਵਿਚ ਲਗਾਈਆ ਗਈਆ ਹਨ ਉਨ੍ਹਾਂ ਦੇ ਬਹੁਤੇ ਅਫਸਰਾਨ ਜਿੰਮੀਦਾਰਾਂ ਦੀ ਮੰਡੀ ਵਿਚ ਆਈ ਕਣਕ ਨੂੰ ਇਹ ਕਹਿਕੇ ਕਿ ਇਸ ਵਿਚ 12-13% ਮੋਸਚਰ ਹੈ, ਖਰੀਦ ਨਹੀ ਰਹੇ। ਜਦੋਕਿ ਜਿੰਨੀਆ ਵੀ ਮੰਡੀਆ ਦਾ ਮੈ ਦੌਰਾ ਕੀਤਾ ਹੈ ਸਾਰੀਆ ਵਿਚ ਕਣਕ ਦੀਆਂ ਢੇਰੀਆ ਪੂਰਨ ਰੂਪ ਵਿਚ ਸੁੱਕੀਆ ਪਈਆ ਹਨ । ਇਹ ਸਰਕਾਰ ਵੱਲੋ ਜਿੰਮੀਦਾਰਾਂ ਦੀ ਮਾਲੀ ਹਾਲਤ ਨਾਲ ਵੱਡਾ ਖਿਲਵਾੜ ਕਰਨ ਵਾਲੀ ਕਾਰਵਾਈ ਹੈ । ਤਾਂ ਕਿ ਪ੍ਰਾਈਵੇਟ ਤੌਰ ਤੇ ਵੱਡੇ ਵਪਾਰੀ ਘੱਟ ਮੁੱਲ ਤੇ ਜਿੰਮੀਦਾਰਾਂ ਦੀਆਂ ਫਸਲਾਂ ਖਰੀਦ ਲੈਣ ਅਤੇ ਅਫਸਰਾਨ ਉਸ ਵਿਚੋ ਆਪਣਾ ਕਮਿਸਨ ਪ੍ਰਾਪਤ ਕਰ ਲੈਣ । ਇਹ ਅਮਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਸਹਿਣ ਨਹੀ ਕਰੇਗਾ । ਇਸ ਲਈ ਪੰਜਾਬ ਸਰਕਾਰ ਤੇ ਖਰੀਦ ਏਜੰਸੀਆ ਨੂੰ ਇਸ ਵਿਸੇ ਉਤੇ ਗੰਭੀਰਤਾ ਪੂਰਵਕ ਖਬਰਦਾਰ ਕਰਦਾ ਹੈ ਕਿ ਪੰਜਾਬ ਦੇ ਕਿਸਾਨ ਦੀ ਮਿਹਨਤ ਨਾਲ ਪੈਦਾ ਕੀਤੀ ਗਈ ਕਣਕ ਦੀ ਫਸਲ ਜੋ ਸੁੱਕੀ ਹੈ ਉਹ ਤੁਰੰਤ ਸਹੀ ਮੁੱਲ ਤੇ ਖਰੀਦੀ ਜਾਵੇ ਅਤੇ ਜਿੰਮੀਦਾਰਾਂ ਨਾਲ ਇਹ ਜ਼ਬਰ ਨਾ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਪਾਰਲੀਮੈਟ ਹਲਕੇ ਦੀਆਂ ਵੱਡੀ ਗਿਣਤੀ ਵਿਚ ਮੰਡੀਆਂ ਦਾ ਦੌਰਾ ਕਰਨ ਉਪਰੰਤ ਖਰੀਦ ਏਜੰਸੀਆ ਦੇ ਅਧਿਕਾਰੀਆ ਵੱਲੋ ਮੋਸਚਰ ਦਾ ਬਹਾਨਾ ਬਣਾਕੇ ਕਿਸਾਨਾਂ ਨਾਲ ਜਿਆਦਤੀ ਕਰਨ ਵਿਰੁੱਧ ਸਖਤ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਵਿਸੇ ਉਤੇ ਅਮਲ ਕਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਜੋ ਕਣਕ ਦੀ ਫਸਲ ਖਰੀਦੀ ਜਾ ਰਹੀ ਹੈ, ਉਸਦੀ ਚੁਕਾਈ 3 ਵਜੇ ਤੋ ਬਾਅਦ ਸੁਰੂ ਕੀਤੀ ਜਾਂਦੀ ਹੈ । ਜਦੋਕਿ ਬਰਸਾਤ ਦੇ ਦਿਨ ਅਤੇ ਮੌਸਮ ਦਾ ਖਤਰਾ ਨਿਰੰਤਰ ਮੰਡਰਾ ਰਿਹਾ ਹੈ ਜਿਸ ਨਾਲ ਸਰਕਾਰ ਵੱਲੋ ਖਰੀਦ ਕੀਤੀ ਕਣਕ ਅਤੇ ਮੰਡੀ ਵਿਚ ਪਈਆ ਢੇਰੀਆ ਦਾ ਕਿਸਾਨ ਅਤੇ ਸਰਕਾਰ ਦੋਵਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ । ਇਸ ਲਈ ਸਾਡੀ ਇਹ ਜੋਰਦਾਰ ਮੰਗ ਹੈ ਕਿ ਜੋ ਕਣਕ ਦੀਆਂ ਭਰੀਆ ਬੋਰੀਆ ਦੀ ਚੁਕਾਈ ਸਾਮ 3 ਵਜੇ ਦੀ ਬਜਾਇ ਸਵੇਰੇ ਤੋ ਹੀ ਚੁੱਕਾਈ ਸੁਰੂ ਕੀਤੀ ਜਾਵੇ ਤਾਂ ਕਿ ਬਦਲਦੇ ਮੌਸਮ ਦੇ ਖਤਰੇ ਤੋ ਖਰੀਦੀ ਕਣਕ ਨੂੰ ਸਟੋਰਾਂ ਤੇ ਸਹੀ ਸਥਾਨਾਂ ਤੇ ਸਹੀ ਸਮੇ ਤੇ ਪਹੁੰਚਾਇਆ ਜਾ ਸਕੇ । ਨਾ ਤਾਂ ਜਿੰਮੀਦਾਰ ਨੂੰ ਆਪਣੀ ਫਸਲ ਦਾ ਨੁਕਸਾਨ ਹੋਵੇ ਅਤੇ ਨਾ ਹੀ ਸਰਕਾਰ ਵੱਲੋ ਖਰੀਦੀ ਫਸਲ ਦਾ ਨੁਕਸਾਨ ਹੋਵੇ ।
ਉਨ੍ਹਾਂ ਕਿਹਾ ਕਿ ਜਿਸ ਕਿਸਾਨ ਖੇਤ-ਮਜਦੂਰ ਵਰਗ ਨੇ ਸਾਰੇ ਮੁਲਕ ਨੂੰ ਰਜਾਉਣਾ ਹੈ, ਸਾਰੇ ਮੁਲਕ ਦੇ ਪਰਿਵਾਰਾਂ ਦੀਆਂ ਰਸੋਈਆ ਵਿਚ ਬਰਕਤ ਕਰਨੀ ਹੈ, ਉਸ ਕਿਸਾਨ ਦੀ ਸਹੂਲਤ ਲਈ ਨਾ ਤਾਂ ਮੰਡੀਆਂ ਵਿਚ ਸਾਫ ਸੁਥਰੀਆ ਲੈਟਰੀਨਾ ਹਨ ਅਤੇ ਨਾ ਹੀ ਉਨ੍ਹਾਂ ਦੇ ਰਾਤ-ਬਰਾਤ ਠਹਿਰਣ ਲਈ ਚੰਗੇ ਸਥਾਂਨ ਹਨ । ਨਾ ਹੀ ਉਨ੍ਹਾਂ ਲਈ ਬਿਮਾਰੀਆ ਤੋ ਰਹਿਣ ਪੀਣ ਯੋਗ ਪਾਣੀ ਜਾਂ ਠੰਡੇ ਪਾਣੀ ਦਾ ਸਰਕਾਰ ਵੱਲੋ ਕੋਈ ਪ੍ਰਬੰਧ ਹੈ । ਇਸ ਲਈ ਇਸ ਵਿਸੇ ਤੇ ਵੀ ਪੰਜਾਬ ਸਰਕਾਰ ਫੌਰੀ ਗੌਰ ਕਰਕੇ ਇਨ੍ਹਾਂ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਮੰਡੀਆ ਵਿਚ ਪ੍ਰਬੰਧ ਕਰੇ ।