ਬੋਲੇ ਪੰਜਾਬ ਬਿਉਰੋ: ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੁਕੇਸ਼ ਦਲਾਲ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ।
22 ਅਪ੍ਰੈਲ ਤੱਕ ਇਸ ਹਲਕੇ ਤੋਂ ਸਿਰਫ਼ ਇੱਕ ਉਮੀਦਵਾਰ ਚੋਣ ਮੈਦਾਨ ਵਿੱਚ ਹੈ। ਇਹ ਘਟਨਾਕ੍ਰਮ ਕਾਂਗਰਸ ਪਾਰਟੀ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਹੈ।
ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਨਾਮਜ਼ਦਗੀ ਪੱਤਰ ਐਤਵਾਰ ਨੂੰ ਰੱਦ ਕਰ ਦਿੱਤੇ ਗਏ। ਜ਼ਿਲ੍ਹਾ ਚੋਣ ਅਫ਼ਸਰ ਨੂੰ ਪਹਿਲੀ ਨਜ਼ਰੇ ਦਸਤਖ਼ਤਾਂ ਵਿੱਚ ਊਣਤਾਈ ਪਾਈ ਗਈ। ਸੂਰਤ ਤੋਂ ਕਾਂਗਰਸ ਦੇ ਬਦਲਵੇਂ ਉਮੀਦਵਾਰ ਸੁਰੇਸ਼ ਪਡਸਾਲਾ ਦੇ ਨਾਮਜ਼ਦਗੀ ਪੱਤਰ ਵੀ ਅਯੋਗ ਕਰਾਰ ਦੇ ਦਿੱਤੇ ਗਏ, ਜਿਸ ਕਾਰਨ ਵਿਰੋਧੀ ਪਾਰਟੀ ਇਸ ਹਲਕੇ ਤੋਂ ਚੋਣ ਮੈਦਾਨ ਤੋਂ ਬਾਹਰ ਹੋ ਗਈ।
ਰਿਟਰਨਿੰਗ ਅਫਸਰ ਸੌਰਭ ਪਾਰਧੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਕੁੰਭਾਣੀ ਅਤੇ ਪਡਸਾਲਾ ਵੱਲੋਂ ਦਾਖਲ ਕੀਤੇ ਚਾਰ ਨਾਮਜ਼ਦਗੀ ਫਾਰਮ ਪ੍ਰਸਤਾਵਕਾਂ ਦੇ ਦਸਤਖਤਾਂ ਵਿੱਚ ਪਹਿਲੀ ਨਜ਼ਰੇ ਅੰਤਰ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਦਸਤਖਤ ਅਸਲੀ ਨਹੀਂ ਲੱਗਦੇ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਪ੍ਰਸਤਾਵਕਾਂ ਨੇ ਆਪਣੇ ਹਲਫਨਾਮੇ ‘ਚ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਫਾਰਮ ‘ਤੇ ਦਸਤਖਤ ਨਹੀਂ ਕੀਤੇ ਹਨ। ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਾਂਗਰਸ ਦੇ ਵਕੀਲ ਬਾਬੂ ਮੰਗੂਕੀਆ ਨੇ ਕਿਹਾ ਕਿ ‘ਨੀਲੇਸ਼ ਕੁੰਭਾਨੀ ਅਤੇ ਸੁਰੇਸ਼ ਪਡਸਾਲਾ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਚਾਰ ਸਮਰਥਕਾਂ ਨੇ ਕਿਹਾ ਹੈ ਕਿ ਫਾਰਮ ‘ਤੇ ਉਨ੍ਹਾਂ ਦੇ ਦਸਤਖਤ ਨਹੀਂ ਹਨ, ਉਨ੍ਹਾਂ ਕਿਹਾ ਕਿ ਹੁਣ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ।