ਟਾਂਡਾ ਉੜਮੁੜ, 23 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲੀਸ ਵੱਲੋਂ ਟਾਂਡਾ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਨਿਰੀਖਣ ਦੌਰਾਨ ਬੱਸਾਂ ਵਿੱਚ ਫਸਟ ਏਡ ਕਿੱਟਾਂ, ਬੱਸ ਫਿਟਨੈਸ ਸਰਟੀਫਿਕੇਟ, ਮਹਿਲਾ ਸੇਵਾਦਾਰ, ਅੱਗ ਬੁਝਾਊ ਯੰਤਰ ਆਦਿ ਦੀ ਜਾਂਚ ਕੀਤੀ ਗਈ। ਇਸ ਦੌਰਾਨ ਜਿਨ੍ਹਾਂ ਛੇ ਸਕੂਲੀ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ, ਉਨ੍ਹਾਂ ਦੇ ਚਲਾਨ ਕੀਤੇ ਗਏ।
ਇਸ ਮੌਕੇ ਐਸ.ਡੀ.ਐਮ ਭਾਰਦਵਾਜ ਨੇ ਕਿਹਾ ਕਿ ਸੇਫ਼ ਸਕੂਲ ਵਹੀਕਲ ਪਾਲਿਸੀ ਤਹਿਤ ਸਕੂਲ ਮੁਖੀਆਂ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਬੱਸਾਂ ਵਿੱਚ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਬੱਸਾਂ ਸੇਫ਼ ਸਕੂਲ ਵਹੀਕਲ ਪਾਲਿਸੀ ਅਨੁਸਾਰ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦੀਆਂ, ਉਹ ਅਕਸਰ ਹਾਦਸਿਆਂ ਦਾ ਖਤਰਾ ਬਣ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਇਲਾਕੇ ਵਿੱਚ ਲਗਾਤਾਰ ਚਲਾਈ ਜਾਵੇਗੀ। ਇਸ ਮੌਕੇ ਟਾਂਡਾ ਪੁਲੀਸ ਟੀਮ ਅਤੇ ਐਸ.ਪੀ ਸੁਖਵਿੰਦਰ ਸਿੰਘ, ਰੀਡਰ ਸਰਬਜੀਤ ਸਿੰਘ ਆਦਿ ਹਾਜ਼ਰ ਸਨ।