ਮੁੰਬਈ 23 ਅਪ੍ਰੈਲ, ਬੋਲੇ ਪੰਜਾਬ ਬਿਉਰੋ:
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਦੀ ਜਾਂਚ ਨਾਲ ਜੁੜੇ ਸੂਤਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਕਿ ਬਿਸ਼ਨੋਈ ਗੈਂਗ ਈਦ ਵਾਲੇ ਦਿਨ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ‘ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ, ਪਰ ਸ਼ੂਟਰਾਂ ਦੀ ਯੋਜਨਾ ਉਦੋਂ ਫੇਲ ਹੋ ਗਈ ਜਦੋਂ ਖਾਨ ਪਰਿਵਾਰ ਨੇ ਈਦ ਮਨਾਉਣ ਦੀ ਜਗ੍ਹਾ ਬਦਲ ਦਿੱਤੀ। ਇਸ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਨਵੀਂ ਸਾਜ਼ਿਸ਼ ਰਚੀ ਅਤੇ ਗਲੈਕਸੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ।
ਇਸ ਤੋਂ ਪਹਿਲਾਂ ਪੂਰਾ ਖਾਨ ਪਰਿਵਾਰ ਪਨਵੇਲ ਸਥਿਤ ਫਾਰਮ ਹਾਊਸ ‘ਚ ਈਦ ਮਨਾਉਣ ਜਾ ਰਿਹਾ ਸੀ, ਇਸ ਦੇ ਮੱਦੇਨਜ਼ਰ ਸ਼ੂਟਰਾਂ ਨੇ ਸਲਮਾਨ ਦੇ ਫਾਰਮ ਹਾਊਸ ਤੋਂ ਮਹਿਜ਼ 7 ਕਿਲੋਮੀਟਰ ਦੂਰ ਇਕ ਫਲੈਟ ਕਿਰਾਏ ‘ਤੇ ਲਿਆ ਸੀ। ਹਾਲਾਂਕਿ ਕੁਝ ਨਿੱਜੀ ਕਾਰਨਾਂ ਕਰਕੇ ਖਾਨ ਪਰਿਵਾਰ ਨੇ ਇਸ ਵਾਰ ਸੋਹੇਲ ਖਾਨ ਦੇ ਘਰ ਈਦ ਦਾ ਜਸ਼ਨ ਰੱਖਿਆ ਸੀ।
ਇਸ ਤੋਂ ਬਾਅਦ ਬਿਸ਼ਨੋਈ ਗੈਂਗ ਨੇ 11 ਅਪ੍ਰੈਲ ਯਾਨੀ ਈਦ ਵਾਲੇ ਦਿਨ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਦੀ ਯੋਜਨਾ ਬਣਾਈ ਅਤੇ ਇਸ ਦੇ ਤਹਿਤ 10 ਅਪ੍ਰੈਲ ਨੂੰ ਦੋਵਾਂ ਸ਼ੂਟਰਾਂ ਨੇ ਗਲੈਕਸੀ ਅਪਾਰਟਮੈਂਟ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੀ ਰੇਕੀ ਵੀ ਕੀਤੀ। ਸੂਤਰਾਂ ਮੁਤਾਬਕ ਦੋਵੇਂ ਸ਼ੂਟਰ ਸਲਮਾਨ ਦੇ ਘਰ ਗੋਲੀਬਾਰੀ ਕਰਨ ਦੇ ਇਰਾਦੇ ਨਾਲ 11 ਅਪ੍ਰੈਲ ਨੂੰ ਗਲੈਕਸੀ ਅਪਾਰਟਮੈਂਟ ਪਹੁੰਚੇ ਸਨ ਪਰ ਭਾਰੀ ਭੀੜ ਅਤੇ ਪੁਲਸ ਦੇ ਪ੍ਰਬੰਧਾਂ ਕਾਰਨ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ।
ਕ੍ਰਾਈਮ ਬ੍ਰਾਂਚ ਨੂੰ ਇਸ ਸਬੰਧੀ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ 10 ਅਤੇ 11 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਕੋਲ ਪਾਰਕਿੰਗ ਵਿੱਚ ਇਨ੍ਹਾਂ ਸ਼ੂਟਰਾਂ ਦੀਆਂ ਬਾਈਕ ਪਾਰਕ ਕੀਤੀਆਂ ਦਿਖਾਈ ਦੇ ਰਹੀਆਂ ਹਨ। ਸੂਤਰਾਂ ਮੁਤਾਬਕ ਬਿਸ਼ਨੋਈ ਗੈਂਗ ਦੇ ਸ਼ੂਟਰ ਸਲਮਾਨ ਖਾਨ ਨੂੰ ਪਨਵੇਲ ‘ਚ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਕਿਉਂਕਿ ਨੇੜੇ ਜੰਗਲੀ ਖੇਤਰ ਹੋਣ ਕਾਰਨ ਉਸ ਲਈ ਉਥੋਂ ਭੱਜਣਾ ਬਹੁਤ ਆਸਾਨ ਹੋ ਸਕਦਾ ਸੀ।