ਚੰਡੀਗੜ੍ਹ, 22 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਲੰਬੇ ਸਮੇਂ ਤੱਕ ਪਤੀ-ਪਤਨੀ ਦੇ ਰੂਪ ‘ਚ ਇਕੱਠੇ ਰਹਿਣਾ ਗੁਜ਼ਾਰਾ ਭੱਤੇ ਦਾ ਦਾਅਵਾ ਕਰਨ ਲਈ ਕਾਫੀ ਹੈ। ਗੁਜਾਰਾ ਭੱਤਾ ਇੱਕ ਕਲਿਆਣਕਾਰੀ ਪ੍ਰਣਾਲੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਿਵਾਦ ਨੂੰ ਸ਼ੱਕ ਤੋਂ ਪਰੇ ਸਾਬਤ ਕਰਨਾ ਲਾਜ਼ਮੀ ਨਹੀਂ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਯਮੁਨਾਨਗਰ ਨਿਵਾਸੀ ਨੇ ਫੈਮਿਲੀ ਕੋਰਟ ਦੁਆਰਾ ਤੈਅ 6000 ਰੁਪਏ ਦੇ ਗੁਜ਼ਾਰਾ ਭੱਤੇ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਸਿਰਫ਼ ਕਾਨੂੰਨੀ ਤੌਰ ‘ਤੇ ਵਿਆਹੀ ਪਤਨੀ ਹੀ ਗੁਜ਼ਾਰਾ ਭੱਤੇ ਦਾ ਦਾਅਵਾ ਕਰ ਸਕਦੀ ਹੈ। ਪਟੀਸ਼ਨਰ ਨੇ ਕਿਹਾ ਕਿ ਜਿਸ ਔਰਤ ਨੇ ਉਸ ਨੂੰ ਆਪਣਾ ਪਤੀ ਦੱਸਿਆ ਹੈ, ਉਸ ਮੁਤਾਬਕ ਉਸ ਦਾ ਵਿਆਹ ਪੰਜਾਬ ਦੇ ਇਕ ਗੁਰਦੁਆਰੇ ‘ਚ ਹੋਇਆ ਸੀ ਜਦਕਿ ਪਟੀਸ਼ਨਰ ਮੁਸਲਮਾਨ ਹੈ। ਪਟੀਸ਼ਨਰ ਨੇ ਕਿਹਾ ਕਿ ਔਰਤ ਉਸ ਦੀ ਕਿਰਾਏਦਾਰ ਹੈ ਅਤੇ ਉਸ ਦੀ ਜਾਇਦਾਦ ਹੜੱਪਣ ਲਈ ਉਸ ਨੂੰ ਆਪਣਾ ਪਤੀ ਕਹਿ ਰਹੀ ਹੈ।
ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਜ਼ਮਾਨਤ ਦੇ ਸਮੇਂ ਸਵੀਕਾਰ ਕੀਤਾ ਸੀ ਕਿ ਔਰਤ ਉਸਦੀ ਪਤਨੀ ਹੈ। ਇਸ ਦਲੀਲ ‘ਤੇ ਗੁਜਾਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਵਿਆਹ ਗੁਰਦੁਆਰੇ ਵਿਚ ਹੋਇਆ ਸੀ ਜਾਂ ਲੋੜੀਂਦੀਆਂ ਰਸਮਾਂ ਪੂਰੀਆਂ ਨਹੀਂ ਹੋਈਆਂ ਸਨ। ਵਿਆਹ ਨੂੰ ਸਾਬਤ ਕਰਨ ਲਈ ਲੋੜੀਂਦੇ ਸਬੂਤ ਨਾ ਹੋਣ ‘ਤੇ ਵੀ, ਔਰਤ ਲੰਬੇ ਸਮੇਂ ਤੱਕ ਪਤੀ-ਪਤਨੀ ਵਜੋਂ ਰਹਿਣ ਕਾਰਨ ਗੁਜ਼ਾਰੇ ਲਈ ਯੋਗ ਹੋ ਜਾਂਦੀ ਹੈ।