ਚੰਡੀਗੜ੍ਹ 22 ਅਪ੍ਰੈਲ, ਬੋਲੇ ਪੰਜਾਬ ਬਿਉਰੋ:
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ, ਜੋ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਸਨ, ਵੀ ਅੱਜ ਕਾਂਗਰਸ ਦਾ ਹੱਥ ਛੱਡ ਦੇਣਗੇ। ਕੇਪੀ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋ ਕਾਂਗਰਸ ਨਾਲ ਜੁੜਿਆ ਹੋਇਆ ਹੈ, ਪਰ ਮਹਿੰਦਰ ਸਿੰਘ ਕੇਪੀ ਟਿਕਟ ਨਾਲ ਮਿਲਣ ਕਾਰਨ ਕਾਫ਼ੀ ਖਫ਼ਾ ਦੱਸਿਆ ਜਾ ਰਿਹਾ ਹੈ, ਕਿਉਕਿ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਹੈ
ਖ਼ਬਰ ਖਾਸ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਮਹਿੰਦਰ ਸਿੰਘ ਕੇਪੀ ਦੇ ਜਲੰਧਰ ਸਥਿਤ ਘਰ ਪੁੱਜ ਰਹੇ ਹਨ। ਬਾਦਲ ਰਸਮੀ ਤੌਰ ’ਤੇ ਕੇਪੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣਗੇ। ਸਮਝਿਆ ਜਾਂਦਾ ਹੈ ਕਿ ਕੇਪੀ ਅਕਾਲੀ ਦਲ ਦੇ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਅਕਾਲੀ ਦਲ ਦੇ ਟਿਕਟ ਦੇ ਦਾਅਵੇਦਾਰ ਪਵਨ ਟੀਨੂੰ ਪਾਰਟੀ ਦੇ ਅੰਦਰੂਨੀ ਵਿਰੋਧ ਕਾਰਨ ਪਹਿਲਾਂ ਹੀ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।
–ਚੰਨੀ ਦਾ ਕੁੜਮ ਹੈ ਕੇਪੀ
ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕੇਪੀ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੁੜਮਦਾਰੀ ਹੈ। ਕੇਪੀ ਦੋ ਵਾਰ ਸੰਸਦ ਤੇ ਮੰਤਰੀ ਰਹਿ ਚੁੱਕੇ ਹਨ। ਇਸਤੋ ਪਹਿਲਾਂ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੀ ਹੈ। ਜਲੰਧਰ ਦੇ ਟਕਸਾਲੀ ਕਾਂਗਰਸੀਆਂ ਦਾ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣਾ ਚੰਨੀ ਲਈ ਖ਼ਤਰਾ ਬਣ ਸਕਦਾ ਹੈ।