ਫਾਸੀਵਾਦੀ ਬੀਜੇਪੀ ਨੂੰ ਹਰਾਉਣਾ ਸਾਡਾ ਮੁੱਖ ਅਜੰਡਾ – ਲਿਬਰੇਸ਼ਨ
ਵੋਟਰਾਂ ਨੂੰ ਅਪੀਲ ਬੀਜੇਪੀ ਜਾਂ ਬਾਦਲਾਂ ਵਲੋਂ ਵਿਰੋਧੀ ਧਿਰ ਦੀਆਂ ਵੋਟਾਂ ਵੰਡਣ ਲਈ ਮੈਦਾਨ ‘ਚ ਉਤਾਰੇ ਸ਼ੱਕੀ ਉਮੀਦਵਾਰਾਂ ਦੇ ਕਿਰਦਾਰ ਨੂੰ ਸਮਝੋ
ਮਾਨਸਾ, 22 ਅਪ੍ਰੈਲ ,ਬੋਲੇ ਪੰਜਾਬ ਬਿਓਰੋ:
ਸੰਸਾਰ ਦੀ ਕਮਿਉਨਿਸਟ ਲਹਿਰ ਦੇ ਮਹਾਨ ਆਗੂ ਕਾਮਰੇਡ ਲੈਨਿਨ ਦੇ 154ਵੇਂ ਜਨਮ ਦਿਨ ਅਤੇ ਸੀਪੀਆਈ (ਐਮ ਐਲ) ਦੇ 55ਵੇਂ ਸਥਾਪਨਾ ਦਿਵਸ ਨੂੰ ਪਾਰਟੀ ਵਲੋਂ ਬਾਬਾ ਬੂਝਾ ਸਿੰਘ ਭਵਨ ਵਿਖੇ ਇਕ ਇਨਕਲਾਬੀ ਸਮਾਗਮ ਕੀਤਾ ਗਿਆ।
ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪਾਰਟੀ ਦੇ 93 ਸਾਲਾ ਸੀਨੀਅਰ ਮੈਂਬਰ ਕਾਮਰੇਡ ਗੁਰਦੇਵ ਸਿੰਘ ਕੋਰ ਵਾਲਾ ਅਤੇ ਮਜ਼ਦੂਰ ਆਗੂ ਹਾਕਮ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਪਾਰਟੀ ਤੇ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਨਾਹਰਿਆਂ ਦੇ ਰੂਪ ਵਿਚ ਹੋਈ। ਕੇਂਦਰੀ ਕਮੇਟੀ ਵਲੋਂ ਪਾਰਟੀ ਸਥਾਪਨਾ ਦਿਵਸ ਮੌਕੇ ਭੇਜਿਆ ਸੰਦੇਸ਼ ਆਇਸਾ ਆਗੂ ਸੁਖਜੀਤ ਸਿੰਘ ਰਾਮਾਂਨੰਦੀ ਨੇ ਪੇਸ਼ ਕੀਤਾ। ਸਮਾਗਮ ਨੂੰ ਨਛੱਤਰ ਸਿੰਘ ਖੀਵਾ, ਮਾਨਸਾ ਤਹਿਸੀਲ ਦੇ ਸਕੱਤਰ ਗੁਰਸੇਵਕ ਸਿੰਘ ਮਾਨ, ਏਪਵਾ ਆਗੂ ਜਸਬੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਇਨਕਲਾਬੀ ਨੌਜਵਾਨ ਸਭਾ ਦੇ ਗਗਨਦੀਪ ਸਿਰਸੀਵਾਲਾ ਨੇ ਸੰਬੋਧਨ ਕੀਤਾ। ਗਾਇਕ ਕੇਵਲ ਅਕਲੀਆ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ ਨਾਲ ਇਨਕਲਾਬੀ ਰੰਗ ਬੰਨਿਆ।
ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ
ਲੈਨਿਨ, ਮਾਰਕਸਵਾਦ-ਲੈਨਿਨਵਾਦ, ਸਮਾਜਵਾਦ ਬਾਰੇ ਅਤੇ ਸੀਪੀਆਈ (ਐਮ ਐਲ) ਦੇ ਇਤਿਹਾਸ ਤੇ ਸਮਝਦਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਕਿਉਂਕਿ ਇਸ ਵਕਤ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਮੁੱਖ ਅਜੰਡਾ ਦੇਸ਼ ਵਿਚੋਂ ਫਾਸੀਵਾਦੀ ਮੋਦੀ-ਬੀਜੇਪੀ ਤੇ ਉਨਾਂ ਦੇ ਸਹਿਯੋਗੀਆਂ ਨੂੰ ਸਤਾ ਤੋਂ ਬਾਹਰ ਕਰਨਾ ਹੈ, ਇਸ ਲਈ ਪਾਰਟੀ ਇਸ ਮਨੋਰਥ ਲਈ ਕਾਇਮ ਕੀਤੇ ਗਏ 28 ਪਾਰਟੀਆਂ ਉਤੇ ਅਧਾਰਤ ਇੰਡੀਆ ਗੱਠਜੋੜ ਦੇ ਮੋਢੀ ਮੈਂਬਰਾਂ ਵਿਚ ਸ਼ਾਮਲ ਹੈ। ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੰਡੇ ਜਾਣ ਤੋਂ ਰੋਕਣ ਲਈ ਲਿਬਰੇਸ਼ਨ ਇਸ ਵਾਰ ਪਹਿਲਾਂ ਵਾਂਗ ਦੇਸ਼ ਭਰ ਵਿਚ ਅਪਣੇ ਉਮੀਦਵਾਰ ਖੜੇ ਨਹੀਂ ਕੀਤੇ ਗਏ । ਬਲਕਿ ਇਹ ਸਿਰਫ ਉਨਾਂ ਸੀਟਾਂ ਤੋਂ ਹੀ ਚੋਣ ਲੜੇਗੀ ਜੋ ਗਠਜੋੜ ਵਿਚ ਇਸ ਦੇ ਹਿੱਸੇ ਆਈਆਂ ਹਨ। ਪੰਜਾਬ ਵਿਚ ਪਾਰਟੀ ਹਲਕਾਵਾਰ ਜਾਇਜ਼ਾ ਲੈ ਕੇ ਇੰਡੀਆ ਗੱਠਜੋੜ ਵਿਚ ਸ਼ਾਮਲ ਕਾਂਗਰਸ ਜਾਂ ਆਪ ਦੇ ਉਨਾਂ ਉਮੀਦਵਾਰਾਂ ਨੂੰ ਹਿਮਾਇਤ ਦੇਵੇਗੀ, ਜੋ ਅਪਣੇ ਅਪਣੇ ਹਲਕੇ ਵਿਚੋਂ ਬੀਜੇਪੀ ਤੇ ਬਾਦਲ ਦਲ ਨੂੰ ਹਰਾਉਣ ਦੇ ਸਮਰਥ ਹੋਣਗੇ। ਪਾਰਟੀ ਨੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੈਰ ਗੰਭੀਰ ਤੇ ਸ਼ੱਕੀ ਉਮੀਦਵਾਰਾਂ ਨੂੰ ਬਿਲਕੁਲ ਮੂੰਹ ਨਾ ਲਾਉਣ, ਜੋ ਇਸ ਨਾਜ਼ੁਕ ਸਿਆਸੀ ਸਥਿਤੀ ਵਿਚ ਬੀਜੇਪੀ ਜਾਂ ਬਾਦਲਾਂ ਤੋਂ ਮਾਇਆ ਲੈ ਕੇ ਵਿਰੋਧੀ ਧਿਰ ਦੀਆਂ ਵੋਟਾਂ ਵੰਡਣ ਅਤੇ ਬੀਜੇਪੀ ਜਾਂ ਉਸ ਦੇ ਭਾਈਵਾਲਾਂ ਦੀ ਜਿੱਤ ਦਾ ਰਾਹ ਪੱਧਰਾ ਕਰਨ ਲਈ ਹੀ ਚੋਣ ਲੜ ਰਹੇ ਹਨ।