ਬੁੰਗਈ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਮੱਧ ਅਫਰੀਕੀ ਗਣਰਾਜ ‘ਚ ਨਦੀ ‘ਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਕਾਰਨ ਇਸ ‘ਚ ਸਵਾਰ 58 ਲੋਕਾਂ ਦੀ ਮੌਤ ਹੋ ਗਈ ਹੈ। ਕਿਸ਼ਤੀ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੀ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਚਸ਼ਮਦੀਦਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ 300 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਾਪੋਕੋ ਨਦੀ ਨੂੰ ਪਾਰ ਕਰ ਰਹੀ ਸੀ, ਜੋ ਰਾਜਧਾਨੀ ਬੰਗੁਈ ਤੋਂ ਲੰਘਦੀ ਹੈ, ਜਦੋਂ ਇਹ ਹਾਦਸਾ ਵਾਪਰਿਆ। ਸਥਾਨਕ ਕਿਸ਼ਤੀ ਵਾਲਿਆਂ ਅਤੇ ਮਛੇਰਿਆਂ ਨੇ ਸਭ ਤੋਂ ਪਹਿਲਾਂ ਬਚਾਅ ਕਾਰਜ ਸ਼ੁਰੂ ਕੀਤਾ।
ਬਚਾਅ ਮੁਹਿੰਮ ‘ਚ ਸ਼ਾਮਲ ਮਛੇਰੇ ਐਡ੍ਰੀਅਨ ਮੋਸਾਮੋ ਨੇ ਦੱਸਿਆ ਕਿ ਜਦੋਂ ਤੱਕ ਫੌਜੀ ਜਵਾਨ ਪਹੁੰਚੇ ਉਦੋਂ ਤੱਕ 58 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਬੰਗੁਈ ਯੂਨੀਵਰਸਿਟੀ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜ ਅੱਗੇ ਵਧਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ।