ਜਥੇਦਾਰ ਰਘਬੀਰ ਸਿੰਘ ਵੱਲੋਂ ਇਟਲੀ ‘ਚ ਇੱਕ ਸਿੱਖ ਖ਼ਿਲਾਫ਼ ਸ੍ਰੀ ਸਾਹਿਬ ਪਾਈ ਹੋਣ ਕਾਰਨ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 21 ਅਪ੍ਰੈਲ,ਬੋਲੇ ਪੰਜਾਬ ਬਿਉਰੋ:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਟਲੀ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਦੇ ਖ਼ਿਲਾਫ਼ ਸ੍ਰੀ ਸਾਹਿਬ ਪਾਈ ਹੋਣ ਕਾਰਨ ‘ਤੇਜ਼ਧਾਰ ਹਥਿਆਰ’ ਰੱਖਣ ਦਾ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਸਾਹਿਬ ਅੰਮ੍ਰਿਤਧਾਰੀ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਟਲੀ ਵਿਚ ਤਿੰਨ ਮਹੀਨੇ ਪਹਿਲਾਂ ਹੀ ਗਏ ਇਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਦੇ ਖ਼ਿਲਾਫ਼ ਸ੍ਰੀ ਸਾਹਿਬ ਪਹਿਨੀ ਹੋਣ ਕਾਰਨ ਪੁਲਿਸ ਮਾਮਲਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਆਖਿਆ ਕਿ ਅੱਜ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਹਨ ਅਤੇ ਗੁਰੂ ਸਾਹਿਬ ਦੇ ਦਿੱਤੇ ਸਰਬ-ਸਾਂਝੀਵਾਲਤਾ ਦੇ ਫਲਸਫੇ ਅਨੁਸਾਰ ਆਪਣੀ ਮਿਹਨਤ, ਇਮਾਨਦਾਰੀ ਅਤੇ ਲਿਆਕਤ ਦੇ ਸਦਕਾ ਹਰ ਖੇਤਰ ਵਿਚ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਹਨ। ਇਟਲੀ ਸਰਕਾਰ ਨੂੰ ਸਿੱਖ ਧਰਮ ਦੀ ਵਿਸ਼ਵ ਪ੍ਰਸੰਗਿਕਤਾ ਨੂੰ ਸਮਝਦਿਆਂ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *