ਲੁਧਿਆਣਾ, 21 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਜ਼ਿਲਾ ਚੋਣ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਅਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ‘ਚੋਂ 293 ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ। ਇਹ ਪਾਣੀ ਦੀ ਸੈਂਪਲਿੰਗ ਉਨ੍ਹਾਂ ਸਕੂਲਾਂ ‘ਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਵੋਟਿੰਗ ਲਈ ਚੋਣ ਕੀਤੀ ਗਈ ਹੈ। ਪਾਣੀ ਦੇ ਨਮੂਨੇ ਲੈਣ ਦਾ ਵੇਰਵਾ ਇਸ ਤਰ੍ਹਾਂ ਹੈ, ਜ਼ਿਲ੍ਹੇ ਦੇ ਮਨੂੰਪੁਰ ਬਲਾਕ ਦੇ 130 ਸਕੂਲ, ਮਲੋਦ ਦੇ 66, ਜਗਰਾਉਂ ਦੇ 15, ਸਾਹਨੇਵਾਲ ਦੇ 26 ਅਤੇ ਮਾਛੀਵਾੜਾ ਦੇ 14 ਸਕੂਲ ਇਸ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ 42 ਸਕੂਲਾਂ ਦੇ ਸੈਂਪਲ ਜਾਂਚ ਲਈ ਲਏ ਗਏ ਹਨ, ਜਿਨ੍ਹਾਂ ਵਿੱਚ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਵੋਟਾਂ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ। ਇਸ ਲਈ ਪਾਣੀ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਪਾਣੀ ਦੇ ਨਮੂਨੇ ਖਰੜ ਦੀ ਸਰਕਾਰੀ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਸੈਂਪਲ ਲੈਣ ਦਾ ਕੰਮ ਜਾਰੀ ਰਹੇਗਾ।