ਚੰਡੀਗੜ੍ਹ 20 ਅਪ੍ਰੈਲ,ਬੋਲੇ ਪੰਜਾਬ ਬਿਓਰੋ-ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ ਲਗਿਆ ਜਦੋਂ ਪੰਜੇ ਨੂੰ ਛੱਡ ਮਹਿਲਾ ਆਗੂ ਸਮੇਤ ਦੋ ਲੀਡਰਾਂ ਨੇ ਕਮਲ ਫੜਿਆ ।ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਦੋ ਦਿਗਜ ਲੀਡਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰ ਲਿਆ। ਜਿਨਾਂ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਹੈ ਉਹਨਾਂ ਵਿੱਚ ਕਾਂਗਰਸ ਸੀਨੀਅਰ ਲੀਡਰ ਤਜਿੰਦਰ ਬਿੱਟੂ ਅਤੇ ਸਵਰਗੀ ਸਾਬਕਾ ਐਮਪੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ ਚੌਧਰੀ ਸ਼ਾਮਿਲ ਹਨ । ਇਹਨਾਂ ਦੇ ਪਾਰਟੀ ਛੱਡ ਜਾਣ ਦੇ ਨਾਲ ਕਾਂਗਰਸ ਨੂੰ ਜਲੰਧਰ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਇੱਕ ਪ੍ਰੈਸ ਕਾਨਫਰਸ ਕਰਕੇ ਦਿੱਲੀ ਵਿਖੇ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਦੋਵੇਂ ਲੀਡਰਾਂ ਨੂੰ ਸ਼ਾਮਿਲ ਕਰਵਾਇਆ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਲੰਧਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਬੀ ਕਰਮਜੀਤ ਕੌਰ ਚੌਧਰੀ ਨੇ ਇਹ ਕਦਮ ਚੁੱਕਿਆ ਹੈ ਇਸੇ ਤਰ੍ਹਾਂ ਤਜਿੰਦਰ ਬਿੱਟੂ ਜੋ ਕਿ ਹਿਮਾਚਲ ਤੋਂ ਸਹਿ ਪ੍ਰਭਾਰੀ ਸਨ ਉਹ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਜ਼ਿਕਰ ਯੋਗ ਹੈ ਕਿ ਬੀਬੀ ਕਰਮਜੀਤ ਕੌਰ ਜੋ ਕਿ ਜਲੰਧਰ ਲੋਕ ਸਭਾ ਐਸਸੀ ਸੀਟ ਤੋਂ ਟਿਕਟ ਮੰਗ ਰਹੇ ਸਨ ਹੁਣ ਇਹ ਦੇਖਣਾ ਪਵੇਗਾ ਕਿ ਭਾਜਪਾ ਉਹਨਾਂ ਨੂੰ ਕਿੱਥੋਂ ਟਿਕਟ ਦਿੰਦੀ ਹੈ ਇਸੇ ਤਰ੍ਹਾਂ ਤਜਿੰਦਰ ਬਿੱਟੂ ਨੂੰ ਕਿਸ ਥਾਂ ਤੋਂ ਐਡਜਸਟ ਕਰਦੀ ਹੈ। ਦੂਜੇ ਪਾਸੇ ਜਲੰਧਰ ਤੋਂ ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਸ਼੍ਰੀ ਰਜਿੰਦਰ ਬੇਰੀ ਨੇ ਕਿਹਾ ਕਿ ਤਜਿੰਦਰ ਬਿੱਟੂ ਜਿਨ੍ਹਾਂ ਨੂੰ ਕਾਂਗਰਸ ਨੇ ਵੱਡੇ ਅਹੁਦਿਆਂ ਤੇ ਬਿਠਾਇਆ ਅੱਜ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਪਾਰਟੀ ਦੇ ਲਈ ਕੁਝ ਨਹੀਂ ਕੀਤਾ ਬਲਕਿ ਇਹਨਾਂ ਨੇ ਆਪਣੀ ਸੰਪਤੀ ਵਿੱਚ ਵਾਧਾ ਕੀਤਾ ਹੈ ਉਹਨਾਂ ਕਿਹਾ ਕਿ ਇਹਨਾਂ ਦੋਵਾਂ ਲੀਡਰਾਂ ਦੇ ਭਾਜਪਾ ਵਿੱਚ ਜਾਣ ਨਾਲ ਕਾਂਗਰਸ ਨੂੰ ਭੋਰਾ ਵੀ ਨੁਕਸਾਨ ਨਹੀਂ ਹੈ ਉਲਟਾ ਜਲੰਧਰ ਤੋਂ ਭਾਰੀ ਮੱਤਾਂ ਦੇ ਨਾਲ ਕਾਂਗਰਸ ਵਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਜਿੱਤ ਪ੍ਰਾਪਤ ਕਰਨਗੇ।