ਚੰਡੀਗੜ੍ਹ, 19 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਪੰਜਾਬ ‘ਚ ਅੱਜ ਵੱਖ-ਵੱਖ ਥਾਵਾਂ ‘ਤੇ ਮੀਂਹ ਅਤੇ ਗੜ੍ਹੇ ਪੈਣ ਕਾਰਨ ਪੱਕੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।ਜਾਣਕਾਰੀ ਅਨੁਸਾਰ ਇਕਦਮ ਆਏ ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੀ ਮੰਡੀਆਂ ‘ਚ ਲਿਆਂਦੀ ਕਣਕ ਦੀ ਫ਼ਸਲ ਭਿੱਜ ਗਈ ਹੈ।ਮੋਗਾ, ਅੰਮ੍ਰਿਤਸਰ ਅਤੇ ਜਲੰਧਰ,ਪਟਿਆਲ਼ਾ,ਰੋਪੜ,ਫਤਹਿਗੜ੍ਹ ਸਾਹਿਬ ,ਮੋਹਾਲੀ ਆਦਿ ਖੇਤਰਾਂ’ਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਤੇ ਗੜ੍ਹੇਮਾਰੀ ਵੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਅਹਿਮ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ “ਗੜ੍ਹੇਮਾਰੀ ਦੌਰਾਨ ਪੱਕੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ….ਬਤੌਰ ਮੁੱਖ ਮੰਤਰੀ ਮੈਂ ਤੁਹਾਡੀ ਫ਼ਸਲ ਦੇ ਇੱਕ-ਇੱਕ ਦਾਣੇ ਦਾ ਨੁਕਸਾਨ ਪੂਰਾ ਕਰੂੰਗਾ… ਭਾਵੇਂ ਮੀਂਹ, ਝੱਖੜ, ਹਨ੍ਹੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ… ਮੈਂ ਹਰ ਔਖੀ ਘੜੀ ਵਿੱਚ ਤੁਹਾਡੇ ਨਾਲ਼ ਖੜ੍ਹਾ ਹਾਂ…”ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਭਰਪਾਈ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਹੈ।