ਚੰਡੀਗੜ੍ਹ: ਬੋਲੇ ਪੰਜਾਬ ਬਿਉਰੋ: ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਸੁਰੱਖਿਆ ਅਤੇ ਹੋਰ ਏਜੰਸੀਆਂ ਵੱਲੋਂ ਪੰਜਾਬ ਵਿੱਚ ਕੁੱਲ 243.95 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਡਰੱਗ ਅਤੇ ਹੋਰ ਕੀਮਤੀ ਸਮਾਨ ਜ਼ਬਤ ਕੀਤਾ ਜਾ ਚੁੱਕਾ ਹੈ।
ਡਰੱਗ, ਸ਼ਰਾਬ, ਨਕਦੀ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਅੰਤਰਰਾਜੀ ਨਾਕਿਆਂ ਉੱਤੇ 48 ਹਾਈਟੈੱਕ ਸੀਸੀਟੀਵੀ ਕੈਮਰਿਆਂ ਨਾਲ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਫਲਾਇੰਗ ਸੁਕਐਡ ਟੀਮਾਂ ਦੁਆਰਾ ਹਾਈਟੈੱਕ ਸੀਸੀਟੀਵੀ ਕੈਮਰਿਆਂ ਨਾਲ ਲੈੱਸ 351 ਗੱਡੀਆਂ (ਹਰੇਕ ਵਿਧਾਨ ਸਭਾ ਹਲਕੇ ਲਈ 3 ਗੱਡੀਆਂ) ਰਾਹੀਂ ਹਰ ਵੇਲੇ ਨਿਗਰਾਨੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ 16 ਮਾਰਚ ਤੋਂ 17 ਅਪ੍ਰੈਲ 2024 ਤੱਕ ਸਭ ਤੋਂ ਜ਼ਿਆਦਾ 158.76 ਕਰੋੜ ਰੁਪਏ ਦੀ ਨਗਦੀ, ਸ਼ਰਾਬ/ਨਸ਼ੀਲੇ ਪਦਾਰਥ ਅਤੇ ਹੋਰ ਵਸਤਾਂ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਈਆਂ ਹਨ।
17 ਅਪ੍ਰੈਲ ਤੱਕ ਪੰਜਾਬ ਪੁਲਿਸ ਨੇ 2.49 ਕਰੋੜ ਰੁਪਏ ਦੀ ਨਕਦੀ, 7.06 ਕਰੋੜ ਰੁਪਏ ਦੀ ਸ਼ਰਾਬ, 148.21 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 25.6 ਲੱਖ ਰੁਪਏ ਦੀਆਂ ਕੀਮਤੀ ਵਸਤਾਂ ਅਤੇ 74.2 ਲੱਖ ਰੁਪਏ ਦੀ ਕੀਮਤ ਵਾਲੀਆਂ ਹੋਰ ਵਸਤੂਆਂ ਜ਼ਬਤ ਕੀਤੀਆਂ ਹਨ। ਇਸੇ ਤਰ੍ਹਾਂ ਸੂਬੇ ਦੇ ਆਬਕਾਰੀ ਵਿਭਾਗ ਨੇ 6.77 ਕਰੋੜ ਰੁਪਏ ਦੀ ਸ਼ਰਾਬ ਅਤੇ 2 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਬੀ.ਐਸ.ਐਫ ਨੇ 19.66 ਕਰੋੜ ਰੁਪਏ ਦੇ ਡਰੱਗਜ਼ ਤੇ ਨਸ਼ੀਲੇ ਪਦਾਰਥ, 40 ਲੱਖ ਰੁਪਏ ਦੀਆਂ ਕੀਮਤੀ ਵਸਤਾਂ ਅਤੇ 36 ਲੱਖ ਰੁਪਏ ਦੀ ਨਗਦੀ ਜ਼ਬਤ ਕੀਤੀ।
ਇਸ ਤੋਂ ਇਲਾਵਾ 45.92 ਕਰੋੜ ਰੁਪਏ ਦੇ ਡਰੱਗਜ਼ ਤੇ ਨਸ਼ੀਲੇ ਪਦਾਰਥ, 3.15 ਕਰੋੜ ਰੁਪਏ ਦੀ ਨਕਦੀ, 8.84 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 6 ਲੱਖ ਰੁਪਏ ਦੀ ਕੀਮਤ ਵਾਲੀਆਂ ਹੋਰ ਵਸਤੂਆਂ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਜ਼ਬਤ ਕੀਤਾ ਗਿਆ ਹੈ। ਇਸ ਤਰ੍ਹਾਂ ਇਕ ਮਹੀਨੇ ਦੌਰਾਨ ਇਹ ਸਾਰੀ ਜ਼ਬਤੀ 243.95 ਕਰੋੜ ਰੁਪਏ ਬਣਦੀ ਹੈ।
ਅੰਕੜਿਆਂ ਅਨੁਸਾਰ ਜ਼ਬਤੀ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਪੰਜਵੇਂ ਸਥਾਨ ਉੱਤੇ ਰਿਹਾ। ਇਨ੍ਹਾਂ ਅੰਕੜਿਆਂ ਅਨੁਸਾਰ 1 ਮਾਰਚ 2024 ਤੋਂ 15 ਅਪ੍ਰੈਲ 2024 ਤੱਕ ਪੰਜਾਬ ਵਿੱਚ 311 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਹੈ।