ਲੁਧਿਆਣਾ, 17 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਐਸਟੀਐਫ ਦੀ ਲੁਧਿਆਣਾ ਟੀਮ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਚਾਰ ਨਸ਼ਾ ਤਸਕਰਾਂ ਨੂੰ 4 ਕਰੋੜ ਰੁਪਏ ਦੀ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਐਸ.ਟੀ.ਐਫ. ਇੰਚਾਰਜ ਹਰਬੰਸ ਸਿੰਘ ਰਹੀਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਇਕ ਐਂਡੇਵਰ ਗੱਡੀ ‘ਚ ਸਿੱਧਵਾ ਬੇਟ ਤੋਂ ਹੈਰੋਇਨ ਦੀ ਖੇਪ ਲੈ ਕੇ ਲੁਧਿਆਣਾ ਵੱਲ ਆ ਰਹੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਹੰਬੜਾ ‘ਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਇਸੇ ਦੌਰਾਨ ਸਾਹਮਣੇ ਤੋਂ ਇੱਕ ਸਿਲਵਰ ਰੰਗ ਦੀ ਐਂਡੇਵਰ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਚੈਕਿੰਗ ਲਈ ਰੋਕਿਆ ਗਿਆ।
ਜਦੋਂ ਪੁਲੀਸ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਡਰਾਈਵਰ ਦੀ ਸੀਟ ਹੇਠੋਂ 800 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਦੀ ਖੇਪ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜੋਨੀ ਕੁਮਾਰ ਉਰਫ ਜੋਨੀ ਮਾਲਵਾ ਪੁੱਤਰ ਪ੍ਰਵੀਨ ਕੁਮਾਰ ਅਤੇ ਜੋਨੀ ਦੀ ਪਤਨੀ ਪਰਜੇਤਾ (19) ਵਾਸੀ ਮੁਹੱਲਾ ਕੋਟ ਮੰਗਲ ਸਿੰਘ ਵਜੋਂ ਹੋਈ ਹੈ। ਪੁਲੀਸ ਟੀਮ ਨੇ ਤੁਰੰਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਦੇ ਐਸਟੀਐਫ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਜੋਨੀ ਕੁਮਾਰ, ਉਸ ਦੀ ਪਤਨੀ ਪਰਜੇਤਾ ਨੇ ਦੱਸਿਆ ਕਿ ਉਹ ਹੈਰੋਇਨ ਲਿਆਉਦੇ ਹਨ ਤੇ ਲੁਧਿਆਣਾ ‘ਚ ਹੈਰੋਇਨ ਦੀ ਸਪਲਾਈ ਉਸ ਦੀ ਮਾਂ ਨੀਲਮ ਖੋਸਲਾ ਅਤੇ ਸੋਨੀਆ ਰਾਣੀ ਪੁੱਤਰੀ ਕਵਰਭਾਨ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਅੱਗੇ ਗਾਹਕਾਂ ਨੂੰ ਸਪਲਾਈ ਕਰਦੀਆਂ ਹਨ, ਜਿਸ ਦੇ ਬਾਅਦ ‘ਚ ਪੁਲਸ ਨੇ ਉਕਤ ਮਾਮਲੇ ‘ਚ ਦੋਵਾਂ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਜੋਨੀ ਕੁਮਾਰ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ, ਜਿਸ ਵਿੱਚ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੈ।