ਨਵੀਂ ਦਿੱਲੀ, 17 ਅਪ੍ਰੈਲ – “ਸਿੱਖ ਕੌਮ ਅਜਿਹੀ ਮਾਰਸ਼ਲ ਕੌਮ ਹੈ ਜਿਸਨੇ ਇੰਡੀਆਂ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੱਡੇ-ਵੱਡੇ ਜੋਖਮ ਭਰੇ ਅਤੇ ਬਹਾਦਰੀ ਵਾਲੇ ਕਾਰਨਾਮੇ ਕਰਕੇ ਸਿੱਖ ਕੌਮ ਦੇ ਸਤਿਕਾਰ ਤੇ ਪਿਆਰ ਵਿਚ ਸੰਸਾਰ ਪੱਧਰ ਤੇ ਵੱਡਾ ਵਾਧਾ ਕੀਤਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਦਾ ਨਾਮ ਸੰਸਾਰ ਪੱਧਰ ਤੇ ਰੌਸਨ ਕਰਨ ਵਾਲੇ ਅਜਿਹੇ ਯਾਦਗਰੀ ਸਿੱਖਾਂ ਨੂੰ ਇੰਡੀਆਂ ਦੇ ਹੁਕਮਰਾਨ ਤਾਂ ਜਾਣਬੁੱਝ ਕੇ ਤਵੱਜੋ ਨਹੀ ਦਿੰਦੇ ਅਤੇ ਉਨ੍ਹਾਂ ਦੀਆਂ ਯਾਦਗਰਾਂ ਕਾਇਮ ਕਰਨ ਵਿਚ ਦਿਲਚਸਪੀ ਨਹੀ ਦਿਖਾਉਦੇ । ਪਰ ਜੋ ਸਾਡੀ ਆਪਣੀ ਕੌਮੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਹੈ । ਜਿਸਦੀ ਜਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਹਾਨ ਸਿੱਖਾਂ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਨ ਤੇ ਜਾਣਕਾਰੀ ਦੇਣ ਹਿੱਤ ਅਮਲ ਕਰੇ । ਪਰ ਐਸ.ਜੀ.ਪੀ.ਸੀ ਵੀ ਇਹ ਜਿੰਮੇਵਾਰੀ ਪੂਰਨ ਕਰਨ ਵਿਚ ਪੱਛੜੀ ਹੋਈ ਹੈ । ਜੋ ਕਿ ਗੈਰ ਜਿੰਮੇਵਰਾਨਾਂ ਅਮਲ ਹਨ । ਇਸ ਲਈ ਅਸੀ ਐਸ.ਜੀ.ਪੀ.ਸੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਨੀ ਚਾਹਵਾਂਗੇ ਕਿ ਸੁਕਾਅਰਡਨ ਲੀਡਰ ਦਲੀਪ ਸਿੰਘ ਜੋ 103 ਸਾਲਾਂ ਦੇ ਹੋ ਕੇ ਰੂਦਰਪੁਰ (ਉਤਰਾਖੰਡ) ਵਿਚ ਪੂਰੇ ਹੋਏ ਹਨ, ਉਨ੍ਹਾਂ ਦੀ ਯਾਦਗਰੀ ਫੋਟੋ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਕੀਤੀ ਜਾਵੇ ਤਾਂ ਕਿ ਆਉਣ ਵਾਲੀਆ ਸਿੱਖ ਨਸ਼ਲਾਂ ਅਤੇ ਸੰਸਾਰ ਨਿਵਾਸੀਆਂ ਨੂੰ ਬਹਾਦਰ ਸਿੱਖਾਂ ਦੇ ਫਖ਼ਰ ਵਾਲੇ ਕਾਰਨਾਮਿਆ ਤੋ ਜਾਣਕਾਰੀ ਮਿਲ ਸਕੇ ਅਤੇ ਸਿੱਖ ਕੌਮ ਦੀਆਂ ਆਉਣ ਵਾਲੀਆ ਨਸ਼ਲਾਂ ਉਨ੍ਹਾਂ ਦੇ ਮਹਾਨ ਜੀਵਨ ਤੋ ਅਗਵਾਈ ਲੈਦੀਆਂ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਦੇ ਰੂਦਰਪੁਰ ਜਿ਼ਲ੍ਹੇ ਵਿਚ ਵੱਸਦੇ ਆ ਰਹੇ ਬਹਾਦਰ ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਦੀ ਯਾਦਗਰੀ ਫੋਟੋ ਸ੍ਰੀ ਦਰਬਾਰ ਸਾਹਿਬ ਦੇ ਸਿੱਖ ਅਜਾਇਬ ਘਰ ਵਿਚ ਸੁਸੋਭਿਤ ਕਰਨ ਦੀ ਐਸ.ਜੀ.ਪੀ.ਸੀ ਨੂੰ ਇਕ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕੱਟੜਵਾਦੀ ਹਿੰਦੂਤਵ ਹੁਕਮਰਾਨ ਸਾਡੇ ਮਹਾਨ ਉਨ੍ਹਾਂ ਸਿੱਖਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਨੁੱਖਤਾ, ਇਨਸਾਨੀਅਤ ਪੱਖੀ ਵੱਡੇ ਮਾਰਕੇ ਮਾਰੇ ਹਨ ਅਤੇ ਸੰਸਾਰ ਪੱਧਰ ਤੇ ਸਿੱਖ ਕੌਮ ਦੇ ਸਤਿਕਾਰ ਵਿਚ ਵਾਧਾ ਕੀਤਾ ਹੈ, ਉਨ੍ਹਾਂ ਦੀਆਂ ਯਾਦਗਰਾਂ ਕਾਇਮ ਨਾ ਕਰਨ ਪਿੱਛੇ ਹੁਕਮਰਾਨਾਂ ਦੀ ਮੰਦਭਾਵਨਾ ਹੈ । ਪਰ ਜਿਸ ਐਸ.ਜੀ.ਪੀ.ਸੀ ਦੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਅਜਿਹੇ ਸਿੱਖਾਂ ਦੀਆਂ ਯਾਦਗਰਾਂ ਕਾਇਮ ਕੀਤੀਆ ਜਾਣ ਅਤੇ ਉਨ੍ਹਾਂ ਦੇ ਮਹਾਨ ਜੀਵਨ ਸੰਬੰਧੀ ਸਾਹਿਤ ਪ੍ਰਕਾਸਿਤ ਕਰਕੇ ਪੰਜਾਬ, ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਪਹੁੰਚਦਾ ਕੀਤਾ ਜਾਵੇ, ਉਹ ਆਪਣੀ ਇਹ ਜਿੰਮੇਵਾਰੀ ਪੂਰਨ ਕਰਨ ਤੋ ਕਿਉਂ ਅਵੇਸਲੀ ਹੈ ? ਉਨ੍ਹਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਅਤੇ ਸਮੁੱਚ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਭਾਵੇ ਉਹ ਬੀਤੇ 14 ਸਾਲਾਂ ਤੋਂ ਸਿੱਖ ਕੌਮ ਦੁਆਰਾ ਐਸ.ਜੀ.ਪੀ.ਸੀ ਦੀ ਚੋਣ ਨਾ ਹੋਣ ਦੀ ਬਦੌਲਤ ਸਿੱਖ ਕੌਮ ਦੇ ਨੁਮਾਇੰਦੇ ਹੋਣ ਦਾ ਹੱਕ ਗੁਆ ਚੁੱਕੇ ਹਨ, ਪਰ ਜਦੋ ਤੱਕ ਨਵੀ ਚੁਣੀ ਹੋਈ ਐਸ.ਜੀ.ਪੀ.ਸੀ. ਸਥਾਪਿਤ ਨਹੀ ਹੁੰਦੀ, ਉਦੋ ਤੱਕ ਉਹ ਆਪਣੀਆ ਕੌਮੀ, ਇਖਲਾਕੀ, ਸਮਾਜਿਕ ਜਿੰਮੇਵਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਨ ਕਰਨ, ਉਚੇਚੇ ਤੌਰ ਤੇ ਬਹਾਦਰ ਸਿੱਖਾਂ ਦੇ ਜੀਵਨ ਦੀਆਂ ਯਾਦਗਰਾਂ ਨੂੰ ਸਦਾ ਲਈ ਕਾਇਮ ਰੱਖਣ ਲਈ ਹੰਭਲਾ ਮਾਰਨ ਤਾਂ ਕਿ ਸਾਡੀਆ ਆਉਣ ਵਾਲੀਆ ਨਸ਼ਲਾਂ ਨੂੰ ਉਨ੍ਹਾਂ ਦੇ ਜੀਵਨ ਤੋ ਸਹੀ ਦਿਸ਼ਾ ਵੱਲ ਅਗਵਾਈ ਮਿਲ ਸਕੇ ਅਤੇ ਸਿੱਖ ਕੌਮ ਇਸੇ ਤਰ੍ਹਾਂ ਸੰਸਾਰ ਪੱਧਰ ਤੇ ਆਪਣੇ ਸਤਿਕਾਰ ਮਾਣ ਵਿਚ ਵਾਧਾ ਕਰਦੀ ਰਹੇ ।