ਚੰਡੀਗੜ੍ਹ, 17 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਹੁਣ ਪੰਜਾਬ ਯੂਨੀਵਰਸਿਟੀ (ਪੀਯੂ) ਨਾਲ ਸੰਬੰਧਿਤ ਪੰਜਾਬ ਦੇ ਕਾਲਜਾਂ ‘ਤੇ ਐਫੀਲੀਏਸ਼ਨ ਫੀਸ ਦੇ ਨਾਲ 18 ਫੀਸਦੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਲਗਾਇਆ ਜਾਵੇਗਾ। ਪੀ.ਯੂ. ਵਲੋਂ ਕਾਲਜਾਂ ਨੂੰ ਜੀ.ਐਸ.ਟੀ. ਜਮ੍ਹਾਂ ਕਰਵਾਉਣ ਸਬੰਧੀ ਨੋਟਿਸ ਭੇਜਿਆ ਗਿਆ ਹੈ। ਨੋਟਿਸ ਤਹਿਤ ਕਾਲਜਾਂ ਨੂੰ ਲਗਭਗ 50 ਤੋਂ 60 ਲੱਖ ਰੁਪਏ ਦਾ ਜੀ.ਐਸ.ਟੀ. ਜਮ੍ਹਾ ਕਰਵਾਉਣਾ ਹੈ।
ਚੇਤੇ ਰਹੇ ਕਿ ਪੀ.ਯੂ. ਵਲੋਂ ਪਹਿਲੀ ਵਾਰ ਜੀ.ਐਸ.ਟੀ ਸਬੰਧੀ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਕੁਝ ਯੂਨੀਵਰਸਿਟੀਆਂ ਸਬੰਧਤ ਕਾਲਜਾਂ ’ਤੇ ਜੀਐਸਟੀ ਲਗਾ ਰਹੀਆਂ ਸਨ ਪਰ ਪੀ.ਯੂ. ਨੇ ਅਜੇ ਸ਼ੁਰੂ ਨਹੀਂ ਕੀਤਾ ਸੀ। ਪੀ.ਯੂ. ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਾਲਜਾਂ ਨੂੰ ਜੀ.ਐਸ.ਟੀ. ਛੋਟ ਦਿੱਤੀ ਗਈ ਸੀ, ਪਰ ਹੁਣ ਨਹੀਂ ਦਿੱਤੀ ਜਾਵੇਗੀ। ਹੋਰਨਾਂ ਕਾਲਜਾਂ ਵਾਂਗ ਉਨ੍ਹਾਂ ਨੂੰ ਵੀ ਐਫੀਲੀਏਸ਼ਨ ਫੀਸ ‘ਤੇ ਜੀ.ਐੱਸ.ਟੀ. ਦੇਣਾ ਪੈਂਣਾ ਹੈ। ਚੇਤੇ ਰਹੇ ਕਿ ਪੀ.ਯੂ. ਦੇ ਪੰਜਾਬ ਵਿੱਚ 200 ਦੇ ਕਰੀਬ ਕਾਲਜ ਅਤੇ ਚੰਡੀਗੜ੍ਹ ਵਿੱਚ 10 ਕਾਲਜ ਹਨ ਜੋ ਪੀ.ਯੂ. ਤੋਂ ਵੱਖ-ਵੱਖ ਕੋਰਸਾਂ ਜਾਂ ਨਵਾਂ ਕਾਲਜ ਖੋਲ੍ਹਣ ਲਈ ਮਾਨਤਾ ਲੈਂਦੇ ਹਨ, ਉਨ੍ਹਾਂ ਨੂੰ ਵੀ ਜੀਐਸਟੀ ਦੇਣਾ ਪੈਂਦਾ ਹੈ।