ਚੰਡੀਗੜ੍ਹ, 16 ਅਪ੍ਰੈਲ, ਬੋਲੇ ਪੰਜਾਬ ਬਿਊਰੋ:
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਏਡੀਜੀਪੀ ਜੇਲ੍ਹ ਵੀਡਿਓ ਕਾਨਫਰੰਸ ਰਾਹੀਂ ਪੇਸ਼ ਹੋਏ।
ਇਸ ਦੌਰਾਨ ਅਦਾਲਤ ਨੇ ਪੁੱਛਿਆ ਕਿ ਫਿਰ ਇੰਟਰਵਿਊ ਆਖਰ ਹੋਈ ਕਿੱਥੇ? ਏਡੀਜੀਪੀ ਜੇਲ੍ਹ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਿਸ ਸਮੇਂ ਇਹ ਇੰਟਰਵਿਊ ਹੋਈ, ਉਸ ਸਮੇਂ ਬਿਸ਼ਨੋਈ ਪੰਜਾਬ ਜੇਲ੍ਹ ਵਿੱਚ ਨਹੀਂ ਸੀ। ਉਹ ਰਾਜਸਥਾਨ ਜੇਲ੍ਹ ਵਿੱਚ ਸੀ। ਮਤਲਬ, ਸਰਕਾਰ ਨੇ ਇਹ ਇੰਟਰਵਿਊ ਰਾਜਸਥਾਨ ਵਿਚ ਹੋਣ ਦਾ ਸਾਫ ਇਸ਼ਾਰਾ ਕੀਤਾ।
ਜਾਂਚ ਕਰ ਰਹੀ ਐਸਆਈਟੀ ਨੂੰ ਪੰਜਾਬ ਵਿਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹਾਈਕੋਰਟ ਨੇ ਕਿਹਾ ਕਿ ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਜੇਲ੍ਹ ਵਿੱਚ ਇੰਟਰਵਿਊ ਨਹੀਂ ਹੋਈ। ਜੇਕਰ ਇਹ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ ਤਾਂ ਇਹ ਇੰਟਰਵਿਊ ਕਿਸ ਜੇਲ੍ਹ ਵਿੱਚ, ਕਿੱਥੇ ਅਤੇ ਕਦੋਂ ਹੋਈ? ਇਸ ’ਤੇ ਏਡੀਜੀਪੀ ਵੱਲੋਂ ਦੱਸਿਆ ਗਿਆ ਕਿ ਇਹ ਇੰਟਰਵਿਊ ਰਾਜਸਥਾਨ ਦੀ ਕਿਸੇ ਜੇਲ੍ਹ ’ਚੋਂ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਏਡੀਜੀਪੀ ਜੇਲ੍ਹ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ ਸੀ। ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ, ਜਿਸ ‘ਤੇ ਹਾਈਕੋਰਟ ਨੇ ਅਸੰਤੁਸ਼ਟੀ ਪ੍ਰਗਟਾਈ ਸੀ। ਜਾਂਚ ਕਮੇਟੀ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੀ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਸੀ।
ਪਿਛਲੇ ਆਰਡਰ ਵਿੱਚ ਜੇਲ੍ਹਾਂ ਵਿੱਚ ਕਿੰਨੇ ਮੋਬਾਈਲ ਫੋਨ ਰਿਕਵਰ ਕੀਤੇ ਗਏ, ਕਿੰਨੀਆਂ FIR ਦਰਜ ਕੀਤੀਆਂ ਗਈਆਂ ਹਨ, ਇਨ੍ਹਾਂ ਦੇ ਡਾਟੇ ਦਾ ਜਵਾਬ ਮੰਗਿਆ ਗਿਆ ਸੀ ਪਰ ਪੂਰਾ ਡਾਟਾ ਨਾ ਦੇਣ ਉਤੇ ਪੰਜਾਬ ਹਰਿਆਣਾ ਹਾਈ ਕੋਰਟ ਇਸ ਐਫੀਡੇਵਿਟ ਤੋਂ ਸੰਤੁਸ਼ਟ ਨਹੀਂ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। 30 ਅਪ੍ਰੈਲ ਨੂੰ ਇਸ ਮਾਮਲੇ ਉਤੇ ਫਿਰ ਹੋਵੇਗੀ ਸੁਣਵਾਈ।
ਕਾਬਿਲੇਗੌਰ ਹੈ ਕਿ ਦਸੰਬਰ 2023 ਵਿੱਚ ਏਡੀਜੀਪੀ ਜੇਲ੍ਹ ਹਾਈਕੋਰਟ ਵਿੱਚ ਪੇਸ਼ ਹੋਏ ਸਨ ਤੇ ਜਾਂਚ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ ਸੀ। ਇਸ ਵਿਚ ਆਖਿਆ ਗਿਆ ਸੀ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ ਸੀ।