ਜੈਪੁਰ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿਚ ਚੁਰੂ-ਸਾਲਾਸਰ ਰਾਜ ਰਾਜਮਾਰਗ ’ਤੇ ਇਕ ਭਿਆਨਕ ਹਾਦਸਾ ਵਾਪਰਿਆ।ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਟਰੱਕ ਨਾਲ ਜਾ ਟਕਰਾਈ।ਹਾਦਸੇ ਤੋਂ ਬਾਅਦ ਕਾਰ ਤੇ ਟਰੱਕ ਵਿਚ ਅੱਗ ਲੱਗ ਗਈ। ਕਾਰ ਵਿਚ ਸਵਾਰ ਜੋੜਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਸਮੇਤ ਸੱਤ ਲੋਕ ਜ਼ਿੰਦਾ ਜਲ਼ ਗਏ।ਜਾਣਕਾਰੀ ਅਨੁਸਾਰ ਇਹ ਸਾਰੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸਾਲਾਸਰ ਬਾਲਾਜੀ ਮੰਦਰ ਵਿਚ ਦਰਸ਼ਨ ਕਰਨ ਲਈ ਗਏ ਸਨ।ਇਸ ਹਾਦਸੇ ਤੋਂ ਬਾਅਦ ਰਾਜਮਾਰਗ ’ਤੇ ਲਗਪਗ ਦੋ ਘੰਟੇ ਤੱਕ ਜਾਮ ਲੱਗਾ ਰਿਹਾ। ਕਾਰ ਵਿਚ ਗੈਸ ਕਿੱਟ ਲੱਗੀ ਸੀ। ਟਰੱਕ ਵਿਚ ਰੂੰ ਭਰਿਆ ਹੋਇਆ ਸੀ।
ਫਤਹਿਪੁਰ ਪੁਲਿਸ ਥਾਣਾ ਅਧਿਕਾਰੀ ਨੇ ਦੱਸਿਆ ਕਿ ਟਰੱਕ ਤੇ ਕਾਰ ਵਿਚ ਲੱਗੀ ਅੱਗ ’ਤੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਜਾ ਸਕਿਆ। ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਕਾਰ ਵਿਚ ਸੜੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਰਾਜਮਾਰਗ ’ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਕਾਰ ਤੇ ਟਰੱਕ ਦੀ ਟੱਕਰ ਹੋਈ। ਘਟਨਾ ਸਥਾਨ ਨੇੜਿਓਂ ਮਿਲੇ ਇਕ ਮੋਬਾਈਲ ਫੋਨ ’ਤੇ ਹਾਦਸੇ ਤੋਂ ਬਾਅਦ ਘੰਟੀ ਵੱਜੀ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਫੋਨ ਚੁੱਕ ਕੇ ਗੱਲ ਕੀਤੀ। ਇਕ ਔਰਤ ਨੇ ਫੋਨ ਕੀਤਾ ਸੀ ਜਿਸ ਨੇ ਖੁਦ ਨੂੰ ਮੇਰਠ ਦੀ ਵਸਨੀਕ ਦੱਸਿਆ। ਉਸ ਨੇ ਦੱਸਿਆ ਕਿ ਇਹ ਫੋਨ ਉਸ ਦੀ ਮਾਂ ਦਾ ਹੈ, ਉਸ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਹੋ ਸਕੀ। ਇਹ ਸਾਰੇ ਮੇਰਠ ਦੇ ਸ਼ਾਰਦਾ ਰੋਡ ਦੇ ਵਸਨੀਕ ਸਨ।