ਚੰਡੀਗੜ, 14 ਅਪ੍ਰੈਲ ,ਬੋਲੇ ਪੰਜਾਬ ਬਿਓਰੋ: ਲੋਕਸਭਾ ਚੋਣਾਂ 2024 ਨੂੰ ਲੈਕੇ ਭਾਜਪਾ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਸੰਬੰਧੀ ਪ੍ਰਤੀਕ੍ਰਿਆ ਦਿੰਦਿਆਂ ਭਾਜਪਾ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਚੋਣ ਮੈਨੀਫੈਸਟੋ ਵਿੱਚ ਬਜ਼ੁਰਗਾਂ ਦਾ ਸਨਮਾਨ, ਨੌਜਵਾਨਾਂ ਦੇ ਅਰਮਾਨ, ਮਹਿਲਾਵਾਂ ਦਾ ਸਸ਼ਕਤੀਕਰਨ, ਗਰੀਬਾਂ ਦਾ ਕਲਿਆਣ ਅਤੇ ਖੇਤ ਖਲਿਆਣ ਦੇ ਉਥਾਨ ਅਤੇ ਦੇਸ਼ ਦੇ ਵਿਕਾਸ ਦੀ ਗਤੀ ਅਤੇ ਪ੍ਰਗਤੀ ਨੂੰ ਵਧਾਉਣ ਦਾ ਸੰਕਲਪ ਹੈ। ਇਸ ਚੋਣ ਮੈਨੀਫ਼ੈਸਟੋ ਵਿੱਚ ਪ੍ਰਧਾਨਮੰਤਰੀ ਮੋਦੀ ਦੇ ਗਿਆਨ, ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ ਭਾਜਪਾ ਨੇ ਜੌ ਵਾਅਦੇ ਕੀਤੇ ਸਨ, ਉਹਨਾਂ ਸਾਰਿਆਂ ਤੇ ਖਰੀ ਉਤਰੀ ਹੈ। ਮੋਦੀ ਸਰਕਾਰ ਦੇ ਦੋਵਾਂ ਕਾਰਜਕਾਲ ਵਿੱਚ ਕੀਤੇ ਕੰਮ ਜਨਤਾ ਨੂੰ ਪਸੰਦ ਆਏ ਹਨ। ਦੇਸ਼ ਦੇ ਲੋਕ ਜਾਣਦੇ ਹਨ ਕਿ ਜੌ ਵਾਅਦੇ ਮੋਦੀ ਕਰਦੇ ਹਨ, ਉਹ ਪੂਰਾ ਕਰਦੇ ਹਨ। ਬੀਜੇਪੀ ਆਪਣੇ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਕਲਪਿਤ ਰਹੀ ਹੈ ਅਤੇ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਗਏ ਤਮਾਮ ਵਾਦੇ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲੈਕੇ ਜਾਣਗੇ। ਉਹਨਾਂ ਚੋਣ ਮੈਨੀਫ਼ੈਸਟੋ ਨੂੰ ਇਤਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਵਿਕਸਤ ਭਾਰਤ ਅਤੇ ਦੇਸ਼ ਨੂੰ ਅੱਗੇ ਵਧਾਉਣ ਅਤੇ ਉਸਨੂੰ ਸੁਰਖਿਅਤ ਕਰਨ ਦਾ ਸੰਕਲਪ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗਰੀਬ ਕਲਿਆਣ ਦੇ ਤਹਿਤ ਤਿੰਨ ਕਰੋੜ ਤੋਂ ਉਪਰ ਨਵੇਂ ਘਰ ਬਣਾਉਣ ਦਾ ਕੰਮ ਕੀਤਾ ਜਾਏਗਾ। ਉੱਜਵਾਲਾ ਯੋਜਨਾ ਜਾਰੀ ਰਹੇਗੀ ਅਤੇ ਇਸਦੇ ਤਹਿਤ ਪਾਈਪ ਲਾਈਨ ਨਾਲ ਸਸਤੀ ਰੇਟ ਦੇ ਗੈਸ ਦੇਣ ਦਾ ਕੰਮ ਵੀ ਹੋਵੇਗਾ।