ਤਰਨਤਾਰਨ, 13 ਅਪ੍ਰੈਲ,,ਬੋਲੇ ਪੰਜਾਬ ਬਿਓਰੋ:
ਪੰਜਾਬ ਰੋਡਵੇਜ਼ ਪੱਟੀ ਡਿਪੂ ਦੇ ਡਰਾਈਵਰ ਅਤੇ ਕੰਡਕਟਰ ਕੋਲੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਕੇਸ ਦਰਜ ਕਰਕੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਡਵੇਜ਼ ਡਿਪੂ ਪੱਟੀ ਦੀ ਬੱਸ ਵਿੱਚ ਤਾਇਨਾਤ ਡਰਾਈਵਰ ਹਰਜਿੰਦਰ ਸਿੰਘ ਅਤੇ ਕੰਡਕਟਰ ਬਲਦੇਵ ਸਿੰਘ ਪੱਟੀ ਤੋਂ ਦਿੱਲੀ ਲਈ ਸਵਾਰੀਆਂ ਲੈ ਕੇ ਰਵਾਨਾ ਹੁੰਦੇ ਸਨ। ਉਨ੍ਹਾਂ ਦੁਆਰਾ ਪੰਜਾਬ ਰਾਜ ਵਿੱਚ ਸਖ਼ਤੀ ਨਾਲ ਪਾਬੰਦੀਸ਼ੁਦਾ ਨਸ਼ਿਆਂ ਦੀਆਂ ਖੇਪਾਂ ਦਿੱਲੀ ਤੋਂ ਲਿਆ ਕੇ ਆਪਣੇ ਪੱਟੀ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚੀਆਂ ਜਾ ਰਹੀਆਂ ਸਨ।
ਇਸ ਦੀ ਸੂਚਨਾ ਪੰਜਾਬ ਰੋਡਵੇਜ਼ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਟਰੈਪ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਪੰਜਾਬ ਰੋਡਵੇਜ਼ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੀ ਅਗਵਾਈ ਇੰਸਪੈਕਟਰ ਪੰਜਾਬ ਰੋਡਵੇਜ਼ ਮਨਪ੍ਰੀਤ ਸਿੰਘ ਪੱਟੀ ਨੇ ਕੀਤੀ।ਬੀਤੇ ਦਿਨੀਂ ਸ਼ਾਮ ਨੂੰ ਜਦੋਂ ਉਕਤ ਡਰਾਈਵਰ ਅਤੇ ਕੰਡਕਟਰ ਬੱਸ (ਪੀ.ਬੀ.-02, ਈ.ਜੀ.-4529) ਰਾਹੀਂ ਦਿੱਲੀ ਤੋਂ ਪੱਟੀ ਨੂੰ ਵਾਪਸ ਆ ਰਹੇ ਸਨ।ਫਿਰ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਟੀਮ ਨੇ ਰਾਤ ਕਰੀਬ 9.15 ਵਜੇ ਅੱਡਾ ਕੈਰੋਂ ਵਿਖੇ ਬੱਸ ਨੂੰ ਰੋਕਿਆ। ਟੀਮ ਨੇ ਬੱਸ ਵਿੱਚੋਂ 28020 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਡਰਾਈਵਰ ਅਤੇ ਕੰਡਕਟਰ ਦੋਵੇਂ ਇਨ੍ਹਾਂ ਨਸ਼ੀਲੀਆਂ ਗੋਲੀਆਂ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਰੋਡਵੇਜ਼ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਜਾਂਚ ਕਰਨ ਤੋਂ ਬਾਅਦ ਇਹ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ।