ਨਵੀਂ ਦਿੱਲੀ 12 ਅਪ੍ਰੈਲ ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਦੇ ਇਤਿਹਾਸਕ ਮੌਕੇ ’ਤੇ ਸੰਗਤ ਨੂੰ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ ਅਤੇ ਨਾਲ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਆਦੇਸ਼ ਮੁਤਾਬਿਕ ਸਿੱਖ ਕੌਮ ਨੂੰ ਇਸ ਵਾਰ 325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ 13 ਅਪ੍ਰੈਲ ਨੂੰ ਆਪਣੇ ਘਰਾਂ ’ਤੇ ਖਾਲਸਈ ਨਿਸ਼ਾਨ ਝੁਲਾਉਣ ਅਤੇ ਮੂਲਮੰਤਰ ਦਾ ਜਾਪ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਲਈ ਵੀ ਕਿਹਾ ਹੈ । ਉਨ੍ਹਾਂ ਦਸਿਆ ਕਿ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਵੰਗਾਰ ਪਾਉਂਦਿਆਂ ਜ਼ੁਲਮ ਅਤੇ ਜਬਰ ਵਿਰੁੱਧ ਲੜਨ ਲਈ ਜਾਤ ਪਾਤ ਤੋਂ ਰਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਨਾ ਕਰਕੇ ਸਿੱਖ ਕੌਮ ਨੂੰ ਇਕ ਵਿਲੱਖਣ ਪਛਾਣ ਦੇਣ ਦੇ ਨਾਲ-ਨਾਲ ਸਵੈਮਾਣ ਨਾਲ ਜਿਊਣ ਦਾ ਰਾਹ ਦਿਖਾਇਆ। ਅਜ ਸਿੱਖ ਕੌਮ ਮੁੜ ਕਰਮ ਕਾਂਡਾ ਵਿਚ ਫਸ ਕੇ ਗੁਰੂ ਤੋਂ ਬੇਮੁਖ ਹੋ ਰਹੀ ਹੈ । ਆਓ ਅਸੀ ਇਸ ਮੁਬਾਰਕ ਦਿਹਾੜੇ ’ਤੇ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨਾਲ ਜੁੜ ਕੇ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਮੁੜ ਤੋਂ ਜਥੇਬੰਦ ਹੋਈਏ । ਉਨ੍ਹਾਂ ਦਸਿਆ ਕਿ ਪੰਜ ਜੱਥੇਦਾਰ ਸਾਹਿਬਾਨਾਂ ਦੇ ਆਦੇਸ਼ ਕਿ ਘਰਾਂ ਉਪਰ ਨਿਸ਼ਾਨ ਸਾਹਿਬ ਝੂਲਾਏ ਜਾਣ ਤੇ ਪਹਿਰਾ ਦੇਂਦਿਆਂ ਇਲਾਕੇ ਦੀ ਸੰਗਤ ਨੇ ਆਪੋ ਆਪਣੇ ਘਰਾਂ ਉਪਰ ਨਿਸ਼ਾਨ ਸਾਹਿਬ ਝੁਲਾਉਣ ਲਈ ਵੱਡੀ ਗਿਣਤੀ ਵਿਚ ਨਿਸ਼ਾਨ ਸਾਹਿਬ ਪ੍ਰਾਪਤ ਕੀਤੇ ਹਨ ।