ਗੁਰਦਾਸਪੁਰ, 11 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਗੁਰਦਾਸਪੁਰ ਵਿੱਚ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਝਗੜੇ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਕਾਸ ਗੁਪਤਾ ਸਮੇਤ ਦੋਵਾਂ ਧਿਰਾਂ ਦੇ 4 ਵਿਅਕਤੀ ਜ਼ਖ਼ਮੀ ਹੋ ਗਏ। ਫਿਲਹਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਤੋਂ ਜ਼ਖਮੀਆਂ ਨੇ ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ‘ਤੇ ਦੁਕਾਨ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਜਦਕਿ ਵਿਕਾਸ ਗੁਪਤਾ ਨੇ ਉਕਤ ਦੋਸ਼ਾਂ ਨੂੰ ਨਕਾਰਿਆ ਹੈ।
ਇਸ ਸਬੰਧੀ ਜ਼ਖਮੀ ਭਾਜਪਾ ਆਗੂ ਵਿਕਾਸ ਗੁਪਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ ਮਿਲਕ ਪਲਾਂਟ ਗੁਰਦਾਸਪੁਰ ਨੇੜੇ ਫਲ ਵੇਚਣ ਵਾਲੇ ਸਤਪਾਲ ਨੂੰ 1 ਲੱਖ ਰੁਪਏ ਦਿੱਤੇ ਸਨ ਪਰ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਅੱਜ ਜਦੋਂ ਉਹ ਪੈਸੇ ਲੈਣ ਲਈ ਉਸ ਦੀ ਦੁਕਾਨ ‘ਤੇ ਗਿਆ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਉਨ੍ਹਾਂ ਨੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।