ਨਵੀਂ ਦਿੱਲੀ, ਬੋਲੇ ਪੰਜਾਬ ਬਿਉਰੋ: ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਗ੍ਰਹਿ ਮੰਤਰਾਲੇ (MHA) ਨੇ ਸੁਰੱਖਿਆ ਦਿੱਤੀ ਹੈ। ਮੰਤਰਾਲੇ ਨੇ ਇਹ ਸੁਰੱਖਿਆ ਆਈਬੀ ਦੀ ਰਿਪੋਰਟ ਦੇ ਆਧਾਰ ‘ਤੇ ਦਿੱਤੀ ਹੈ। ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਨਾਲ-ਨਾਲ ਕਈ ਰਾਜਨੀਤਿਕ ਦਲਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਫਤਰ ‘ਚ ਹੰਗਾਮਾ ਹੋਇਆ, ਜਿਸ ਤੋਂ ਬਾਅਦ ਆਈ.ਬੀ. ਦੀ ਥਰੇਟ ਪਰਸੈਪਸ਼ਨ ਰਿਪੋਰਟ ਆਈ ਸੀ। ਇਸ ਆਧਾਰ ‘ਤੇ ਗ੍ਰਹਿ ਮੰਤਰਾਲੇ ਨੇ ਮੁੱਖ ਚੋਣ ਕਮਿਸ਼ਨਰ ਨੂੰ ਸੁਰੱਖਿਆ ਦਿੱਤੀ ਹੈ।
ਕੇਂਦਰੀ ਅਰਧ ਸੈਨਿਕ ਬਲ ਸੀਆਰਪੀਐਫ ਮੁੱਖ ਚੋਣ ਕਮਿਸ਼ਨਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀ ਹੋਣ ਕਾਰਨ ਉਨ੍ਹਾਂ ਨੂੰ ਬਕਾਇਦਾ ਸੁਰੱਖਿਆ ਮਿਲਦੀ ਸੀ ਅਤੇ ਨਿਯਮਾਂ ਅਨੁਸਾਰ ਉਹ ਵੀ ਉਨ੍ਹਾਂ ਦੇ ਨਾਲ ਰਹੇਗੀ। ਸੂਤਰ ਮੁਤਾਬਕ ਕੇਂਦਰੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿਵਸਥਾ ਮਿਲੀ ਹੈ। ਸੀਆਰਪੀਐਫ ਦੇ ਕੁੱਲ 22 ਜਵਾਨ ਮਿਲੇ ਹਨ। ਸੂਤਰ ਅਨੁਸਾਰ ਰਾਜੀਵ ਕੁਮਾਰ ਦੇ ਨਾਲ ਸੀਆਰਪੀਐਫ ਕਮਾਂਡੋ ਪਰਿਵਾਰ ਦੀ ਸੁਰੱਖਿਆ ਵਿਵਸਥਾ ਵਿੱਚ ਤਾਇਨਾਤ ਰਹਿਣਗੇ।
ਬੀਤੇ ਦਿਨੀਂ ਚੋਣ ਕਮਿਸ਼ਨ ਦੇ ਦਫਤਰ ਬਾਹਰ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਗਏ ਟੀਐਮਸੀ ਨੇਤਾਵਾਂ ਨੇ ਮੰਗਲਵਾਰ ਸਵੇਰੇ ਵੀ ਮੰਦਰ ਮਾਰਗ ਪੁਲਿਸ ਸਟੇਸ਼ਨ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਟੀਐਮਸੀ ਦੇ ਦਸ ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ, ਕੇਂਦਰੀ ਜਾਂਚ ਬਿਊਰੋ, ਰਾਸ਼ਟਰੀ ਜਾਂਚ ਏਜੰਸੀ ਅਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਿਆ ਜਾਵੇ ਕਿਉਂਕਿ ਉਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਕਥਿਤ ਇਸ਼ਾਰੇ ‘ਤੇ ਕੰਮ ਕਰ ਰਹੇ ਸਨ।
ਟੀਐਮਸੀ ਆਗੂਆਂ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ 24 ਘੰਟੇ ਦੇ ਧਰਨੇ ’ਤੇ ਬੈਠੇ ਹਨ। ਵਫ਼ਦ ਵਿੱਚ ਰਾਜ ਸਭਾ ਮੈਂਬਰ ਡੇਰੇਕ ਓ ਬਰਾਇਨ, ਮੁਹੰਮਦ ਨਦੀਮੁਲ ਹੱਕ, ਡੋਲਾ ਸੇਨ, ਸਾਕੇਤ ਗੋਖਲੇ, ਸਾਗਰਿਕਾ ਘੋਸ਼, ਵਿਧਾਇਕ ਵਿਵੇਕ ਗੁਪਤਾ, ਸਾਬਕਾ ਸੰਸਦ ਮੈਂਬਰ ਅਰਪਿਤਾ ਘੋਸ਼, ਸ਼ਾਂਤਨੂ ਸੇਨ ਅਤੇ ਅਬੀਰ ਰੰਜਨ ਬਿਸਵਾਸ ਅਤੇ ਟੀਐਮਸੀ ਪੱਛਮੀ ਬੰਗਾਲ ਵਿਦਿਆਰਥੀ ਵਿੰਗ ਦੇ ਉਪ ਪ੍ਰਧਾਨ ਸੁਦੀਪ ਰਾਹਾ ਸ਼ਾਮਲ ਸਨ।