ਲੁਧਿਆਣਾ,10 ਅਪ੍ਰੈਲ, ਬੋਲੇ ਪੰਜਾਬ ਬਿਓਰੋ:
ਜਲੰਧਰ ਬਾਈਪਾਸ ਚੌਕੀ ਨੇੜੇ ਭਾਰਤੀ ਨਗਰ ਇਲਾਕੇ ‘ਚ ਮੰਗਲਵਾਰ ਦੇਰ ਰਾਤ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਹਾਦਸੇ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੇ ਝੁਲਸ ਜਾਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਦਾ ਮੁਖੀ ਰਾਹੁਲ ,ਉਸਦੀ ਪਤਨੀ ਅਤੇ ਉਸ ਦੇ ਦੋ ਬੱਚੇ, ਜਿਨ੍ਹਾਂ ਦੀ ਉਮਰ 2 ਅਤੇ 6 ਸਾਲ ਦੱਸੀ ਜਾਂਦੀ ਹੈ, ਭਿਆਨਕ ਅੱਗ ‘ਚ ਬੁਰੀ ਤਰ੍ਹਾਂ ਸੜ ਗਏ। ਇਲਾਕਾ ਨਿਵਾਸੀਆਂ ਵੱਲੋਂ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗੰਭੀਰ ਰੂਪ ਨਾਲ ਝੁਲਸੇ ਪੀੜਤਾਂ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਚਸ਼ਮਦੀਦ ਅਰਵਿੰਦ ਅਨੁਸਾਰ ਪੀੜਤ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਦੇਸੀ ਗੈਸ ਸਿਲੰਡਰ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਅਰਵਿੰਦ ਨੇ ਦੱਸਿਆ ਕਿ ਭਾਵੇਂ ਸਿਲੰਡਰ ਫਟਿਆ ਨਹੀਂ ਪਰ ਸਿਲੰਡਰ ‘ਚੋਂ ਪਾਈਪ ਨਿਕਲਣ ਕਾਰਨ ਗੈਸ ਲੀਕ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।