ਸ਼੍ਰੀਨਗਰ, 8 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅੱਤਵਾਦ ‘ਤੇ ਜ਼ੋਰਦਾਰ ਹਮਲਾ ਕਰਦੇ ਹੋਏ ਪੁਲਿਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ‘ਚ ਲੁਕੇ ਤਿੰਨ ਅੱਤਵਾਦੀਆਂ ਦੀ ਕਰੋੜਾਂ ਰੁਪਏ ਦੀ 30 ਕਨਾਲ 15 ਮਰਲੇ ਜ਼ਮੀਨ ਜ਼ਬਤ ਕਰ ਲਈ ਹੈ। ਤਿੰਨੋਂ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਹ ਕਾਰਵਾਈ ਉੜੀ ਥਾਣੇ ‘ਚ ਦਰਜ ਮਾਮਲੇ ਦੇ ਆਧਾਰ ‘ਤੇ ਕੀਤੀ ਗਈ ਹੈ।
ਜਾਂਚ ਦੌਰਾਨ ਪੁਲਿਸ ਨੇ ਇਹ ਜਾਇਦਾਦਾਂ ਅਪਰਾਧੀਆਂ ਨਾਲ ਜੁੜੀਆਂ ਪਾਈਆਂ ਸਨ। ਇਸ ਤੋਂ ਬਾਅਦ ਉੜੀ ਦੇ ਸਬ ਜੱਜ ਨੇ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਜਿਨ੍ਹਾਂ ਅੱਤਵਾਦੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਮੁਹੰਮਦ ਲਤੀਫ ਵਾਸੀ ਸੁਲੰਦਕੀ (18 ਕਨਾਲ ਅਤੇ 6 ਮਰਲੇ), ਸਦਰ ਦੀਨ ਵਾਸੀ ਮਦਿਆਨ (9 ਮਰਲੇ) ਅਤੇ ਅਜ਼ੀਜ਼ ਦੀਨ ਵਾਸੀ ਸਿੰਗਤੁੰਗ ਗੂਹਲਾਨ (12 ਕਨਾਲ) ਸ਼ਾਮਲ ਹਨ। ਤਿੰਨੋਂ ਪਹਿਲਾਂ ਹੀ ਭਗੌੜੇ ਐਲਾਨੇ ਜਾ ਚੁੱਕੇ ਹਨ। ਉਹ ਕਾਫੀ ਸਮਾਂ ਪਹਿਲਾਂ ਕਸ਼ਮੀਰ ਤੋਂ ਭੱਜ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਸ਼ਰਨ ਲੈ ਚੁੱਕੇ ਹਨ, ਅਤੇ ਉੱਥੋਂ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਹਨ।
ਜੰਮੂ-ਕਸ਼ਮੀਰ ‘ਚ ਪੁਲਿਸ ਲਗਾਤਾਰ ਅੱਤਵਾਦ ‘ਤੇ ਹਮਲੇ ਕਰ ਰਹੀ ਹੈ। ਸਾਲ 2023 ਦੌਰਾਨ ਪੁਲਿਸ ਅਤੇ ਹੋਰ ਏਜੰਸੀਆਂ ਨੇ ਅੱਤਵਾਦੀਆਂ ਅਤੇ ਵੱਖਵਾਦੀਆਂ ਦੀਆਂ 170 ਕਰੋੜ ਰੁਪਏ ਦੀਆਂ 99 ਜਾਇਦਾਦਾਂ ਜ਼ਬਤ ਕੀਤੀਆਂ ਸਨ। ਇਸ ਵਿੱਚ ਹੁਰੀਅਤ ਦਾ ਸ੍ਰੀਨਗਰ ਦਫ਼ਤਰ ਅਤੇ TRF ਅੱਤਵਾਦੀ ਬਾਸਿਤ ਅਹਿਮਦ ਰੇਸ਼ੀ ਦੀ 9.25 ਮਰਲੇ ਖੇਤੀ ਵਾਲੀ ਜ਼ਮੀਨ ਵੀ ਸ਼ਾਮਲ ਹੈ। ਰੇਸ਼ੀ ਦੇ ਪਾਕਿਸਤਾਨ ਭੱਜ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ।