ਲੁਧਿਆਣਾ, 07 ਅਪ੍ਰੈਲ ,ਬੋਲੇ ਪੰਜਾਬ ਬਿਓਰੋ:ਲੁਧਿਆਣਾ ’ਚ 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਇੱਕ 70 ਸਾਲਾ ਵਿਅਕਤੀ ‘ਤੇ ਹੈ, ਜੋ ਲੜਕੀ ਨੂੰ ਵਰਗਲਾ ਕੇ ਚਾਕਲੇਟ ਦੇਣ ਦੇ ਬਹਾਨੇ ਆਪਣੇ ਘਰ ਲੈ ਗਿਆ। ਉਸ ਵੱਲੋਂ ਲੜਕੀ ਨੂੰ ਆਪਣੇ ਨਾਲ ਲਿਜਾਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਨੂੰ ਸਰਾਭਾ ਨਗਰ ਥਾਣੇ ਦੇ ਬਾਹਰ ਲੋਕਾਂ ਨਾਲ ਮਿਲ ਕੇ ਹੰਗਾਮਾ ਕਰ ਦਿੱਤਾ।
ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਨੂੰ ਐਲ ਬਲਾਕ ਦੇ ਇੱਕ ਪਾਰਕ ਵਿੱਚ 4 ਸਾਲ ਦੀ ਬੱਚੀ ਖੇਡ ਰਹੀ ਸੀ। ਇਲਾਕੇ ‘ਚ ਰਹਿਣ ਵਾਲਾ ਕਰੀਬ 70 ਸਾਲ ਦਾ ਇਕ ਬਜ਼ੁਰਗ ਪਾਰਕ ‘ਚ ਬੈਂਚ ‘ਤੇ ਆ ਕੇ ਬੈਠ ਗਿਆ। ਉਸ ਵਿਅਕਤੀ ਨੇ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਇਸ ਤੋਂ ਬਾਅਦ ਉਹ ਲੜਕੀ ਨੂੰ ਚਾਕਲੇਟ ਖਿਲਾਉਣ ਦੇ ਬਹਾਨੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਗੰਦੀ ਹਰਕਤ ਕੀਤੀ।
ਪਾਰਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਬਜ਼ੁਰਗ ਲੜਕੀ ਨੂੰ ਆਪਣੇ ਨਾਲ ਲਿਜਾਂਦਾ ਨਜ਼ਰ ਆ ਰਿਹਾ ਹੈ। ਕਰੀਬ 12 ਵਜੇ ਉਹ ਲੜਕੀ ਨੂੰ ਉਂਗਲ ਫੜ ਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ 8 ਤੋਂ 10 ਮਿੰਟ ਬਾਅਦ ਲੜਕੀ ਹੱਥ ‘ਚ ਲਿਫਾਫਾ ਫੜੀ ਆਪਣੇ ਘਰ ਪਹੁੰਚੀ। ਉਸ ਦੀ ਮਾਂ ਨੂੰ ਸ਼ੱਕ ਹੋ ਗਿਆ। ਮਾਂ ਨੇ ਜਦੋਂ ਬੱਚੀ ਨੂੰ ਦੇਖਿਆ ਤਾਂ ਉਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ।
ਲੋਕਾਂ ਨੇ ਦੱਸਿਆ ਕਿ ਲੜਕੀ ਦੇ ਪੁੱਛਣ ‘ਤੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਗੁਆਂਢੀ ਅੰਕਲ ਉਸ ਨੂੰ ਚਾਕਲੇਟ ਲੈਣ ਲਈ ਕਹਿ ਕੇ ਆਪਣੇ ਨਾਲ ਕਮਰੇ ‘ਚ ਲੈ ਗਿਆ। ਉੱਥੇ ਉਸ ਨੇ ਉਸ ਨਾਲ ਗੰਦੀ ਹਰਕਤ ਕੀਤੀ। ਸਰਾਭਾ ਨਗਰ ਥਾਣੇ ਦੇ ਐਸਐਚਓ ਪਰਮਵੀਰ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।