ਸਮਰਾਲਾ, 6 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਸਮਰਾਲਾ ਦੇ ਚਹਿਲਾ ਫਲਾਈਓਵਰ ‘ਤੇ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇਕ ਬੱਚੇ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋਵੇਂ ਔਰਤਾਂ ਅਤੇ ਇਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਮ੍ਰਿਤਕ ਦੀ ਪਛਾਣ ਸੱਸ, ਨੂੰਹ ਅਤੇ ਇਕ ਸਾਲ ਦੇ ਮਾਸੂਮ ਬੱਚੇ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਨਾ ਉਮਰ (54 ਸਾਲ), ਉਸ ਦੀ ਨੂੰਹ ਪੂਜਾ ਉਮਰ (23 ਸਾਲ) ਅਤੇ ਪੂਜਾ ਦਾ ਮਾਸੂਮ ਪੁੱਤਰ ਜਾਨੂ ਉਮਰ (ਇੱਕ ਸਾਲ) ਵਜੋਂ ਹੋਈ ਹੈ।
ਮ੍ਰਿਤਕ ਸੱਸ, ਨੂੰਹ ਅਤੇ ਇਕ ਸਾਲ ਦਾ ਮਾਸੂਮ ਬੱਚਾ ਆਪਣੇ ਗੁਆਂਢੀ ਨਾਲ ਮੋਟਰਸਾਈਕਲ ‘ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਜਦੋਂ ਉਹ ਸਮਰਾਲਾ ਨੇੜੇ ਚਹਿਲਾਂ ਹਾਈਵੇਅ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਮੋਟਰਸਾਈਕਲ ਚਾਲਕ ਨੇ ਉਨ੍ਹਾਂ ਨੂੰ ਉਥੇ ਹੀ ਉਤਾਰ ਦਿੱਤਾ ਅਤੇ ਥੋੜ੍ਹੀ ਦੂਰ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਆਪਣੇ ਮਾਸੂਮ ਬੱਚੇ ਅਤੇ ਸੱਸ ਨਾਲ ਪੈਦਲ ਫਲਾਈਓਵਰ ਪਾਰ ਕਰਨ ਲੱਗੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਹੌਂਡਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤਾਂ ਜੋ ਕਿ ਪਰਵਾਸੀ ਹਨ, ਲੁਧਿਆਣਾ ਵਿੱਚ ਆਪਣੇ ਪਰਿਵਾਰਾਂ ਨਾਲ ਰਹਿੰਦੀਆਂ ਸਨ। ਪੁਲੀਸ ਨੇ ਕਾਬੂ ਕੀਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਰਾਲ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।