ਕਪੂਰਥਲਾ, 6 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਕਪੂਰਥਲਾ ‘ਚ ਡੇਰੇ ਦੇ ਬਾਬੇ ਵੱਲੋਂ ਨਾਬਾਲਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਨੇ ਬਾਬੇ ‘ਤੇ ਇਲਜ਼ਾਮ ਲਗਾਇਆ ਹੈ ਕਿ ਬਾਬੇ ਨੇ ਕਿਹਾ ਕਿ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ, ਇਸ ਲਈ ਉਸ ਨੇ ਭੂਤ ਨੂੰ ਭਜਾਉਣ ਲਈ ਅਜਿਹਾ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਮਾਰਕੁੱਟ ਤੋਂ ਬਾਅਦ ਬੇਹੋਸ਼ ਹੋਏ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਥਾਣਾ ਸਦਰ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤਫਤੀਸ਼ੀ ਅਫਸਰ ਏਐਸਆਈ ਭੁਪਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਦੇ ਜੱਗੂ ਸ਼ਾਹ ਡੇਰੇ ਦੇ ਰਹਿਣ ਵਾਲੇ 16 ਸਾਲਾ ਪੀੜਤ ਲੜਕੇ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਮਾਨਸਿਕ ਤੌਰ ‘ਤੇ ਬਿਮਾਰ ਹੈ। ਕੱਲ੍ਹ ਉਸਦੀ ਮਾਂ ਉਸਨੂੰ ਤਲਵੰਡੀ ਮਹਿਮਾ ਸਥਿਤ ਡੇਰੇ ਵਿੱਚ ਲੈ ਗਈ ਜਿੱਥੇ ਡੇਰੇ ਦੇ ਬਾਬੇ ਨੇ ਦੱਸਿਆ ਕਿ ਉਸਦੇ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ।
ਬਾਬੇ ‘ਤੇ ਦੋਸ਼ ਲਗਾਉਂਦੇ ਹੋਏ ਦਲੀਪ ਕੁਮਾਰ ਨੇ ਕਿਹਾ ਕਿ ਬਾਬੇ ਨੇ ਉਸ ਦੇ ਬੱਚੇ ਨੂੰ ਭੂਤ ਕੱਢਣ ਲਈ ਬਹੁਤ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਿਊਟੀ ’ਤੇ ਮੌਜੂਦ ਡਾਕਟਰ ਸੰਦੀਪ ਸਿੰਘ ਥਿੰਦ ਨੇ ਦੱਸਿਆ ਕਿ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਏਐਸਆਈ ਭੁਪਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।