ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਮਾਤ ਦੇ ਕੇ ਜਿੱਤ ਨਾਲ ਕੀਤੀ ਸ਼ੁਰੂਆਤ

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਇੰਡੀਅਨ ਪ੍ਰੀਮੀਅਰ ਲੀਗ-2024(IPL) ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪੰਜਾਬ ਕਿੰਗਜ਼ ਨੇ ਜਿੱਤ ਨਾਲ ਟੂਰਨਾਮੈਂਟ ਵਿੱਚ ਸ਼ੁਰੂਆਤ ਕੀਤੀ ਹੈ। ਪੰਜਾਬ ਕਿੰਗਜ਼ ਨੇ ਸੀਜ਼ਨ ਦੇ ਪਹਿਲੇ ਡਬਲ ਹੈਡਰ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 4 ਵਿਕਟਾਂ ਨਾਲ ਮਾਤ ਦਿੱਤੀ।

ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਸਾਨੀ ਨਾਲ ਦਿੱਲੀ ਵੱਲੋਂ ਦਿੱਤਾ ਹੋਇਆ ਟੀਚਾ ਪੂਰਾ ਕਰ ਲਿਆ। ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ‘ਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਅਤੇ ਪੰਜਾਬ ਨੂੰ 175 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਪੰਜਾਬ ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਪੰਜਾਬ ਲਈ ਸੈਮ ਕੁਰਨ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਉਸ ਨੇ 47 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਲਿਆਮ ਲਿਵਿੰਗਸਟਨ ਨੇ 38 ਦੌੜਾਂ, ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਅਤੇ ਸ਼ਿਖਰ ਧਵਨ ਨੇ 22 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਦਿੱਲੀ ਲਈ ਕੁਲਦੀਪ ਯਾਦਵ ਅਤੇ ਖਲੀਲ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੂੰ ਇਕ ਵਿਕਟ ਮਿਲੀ। ਜੌਨੀ ਬੇਅਰਸਟੋ ਰਨ ਆਊਟ ਹੋਇਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਦਿੱਲੀ ਲਈ ਸ਼ੋਈ ਹੋਪ ਨੇ 25 ਗੇਂਦਾਂ ‘ਤੇ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਪ੍ਰਭਾਵਤ ਖਿਡਾਰੀ ਅਭਿਸ਼ੇਕ ਪੋਰੇਲ ਨੇ 10 ਗੇਂਦਾਂ ‘ਤੇ 32 ਦੌੜਾਂ ਦੀ ਪਾਰੀ ਖੇਡੀ।

ਜਦਕਿ ਡੇਵਿਡ ਵਾਰਨਰ ਨੇ 21 ਗੇਂਦਾਂ ‘ਤੇ 21 ਦੌੜਾਂ ਦੀ ਪਾਰੀ ਖੇਡੀ। ਕਾਰ ਹਾਦਸੇ ਤੋਂ ਬਾਅਦ ਵਾਪਸੀ ਕਰ ਰਹੇ ਕਪਤਾਨ ਰਿਸ਼ਭ ਪੰਤ ਨੇ 13 ਗੇਂਦਾਂ ‘ਤੇ 18 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਲਈ ਹਰਸ਼ਲ ਪਟੇਲ ਅਤੇ ਅਰਸ਼ਦੀਪ ਸਿੰਘ ਨੇ ਦੋ-ਦੋ ਵਿਕਟਾਂ ਲਈਆਂ। ਕਾਗਿਸੋ ਰਬਾਡਾ, ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਨੂੰ ਇਕ-ਇਕ ਵਿਕਟ ਮਿਲੀ।

Leave a Reply

Your email address will not be published. Required fields are marked *