ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਦੇ ਸ਼ਬਦਾਂ ਦੀ ਮੇਅਰ ਕੁਲਦੀਪ ਕੁਮਾਰ ਨੇ ਕੀਤੀ ਕਰੜੀ ਅਲੋਚਨਾ
ਅੱਜ ਚੰਡੀਗੜ੍ਹ ਨਗਰ ਨਿਗਮ ਵਿਚੋਂ ਸਸਪੈਂਡ ਕਰਨ ਤੇ ਭਾਜਪਾ ਕੌਂਸਲਰ ਨੇ ਕਿਹਾ ਸੀ ‘ਇਹੋ ਜਿਹੇ ਮੇਅਰ ਦਾ ਆਰਡਰ ਮੇਰੀ ਜੁੱਤੀ ਤੇ’
ਚੰਡੀਗੜ੍ਹ, 15 ਮਾਰਚ, 2024 ਬੋਲੇ ਪੰਜਾਬ ਬਿੳਰੋ: ਅੱਜ ਚੰਡੀਗੜ੍ਹ ਨਗਰ ਨਿਗਮ ਦੀ 334ਵੀਂ ਸਪੈਸ਼ਲ ਮੀਟਿੰਗ ਦੌਰਾਨ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਏ ਕਾਰਨ ਮੇਅਰ ਕੁਲਦੀਪ ਕੁਮਾਰ ਵਲੋਂ ਬੀਜੇਪੀ ਦੇ ਕੌਂਸਲਰ ਕੰਵਰਜੀਤ ਰਾਣਾ ਨੂੰ ਸਦਨ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਜਦੋਂ ਮਾਰਸ਼ਲਾਂ ਨੂੰ ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਨੂੰ ਸਦਨ ਤੋਂ ਬਾਹਰ ਲੈ ਕੇ ਜਾਣ ਲਈ ਕਿਹਾ ਗਿਆ ਤਾਂ ਉਸ ਤੋਂ ਬਾਅਦ ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਵਲੋਂ ਬੇਹੱਦ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਕਿਹਾ ਗਿਆ ਕਿ ‘ਇਹੋ ਜਿਹੇ ਮੇਅਰ ਦੇ ਆਰਡਰ ਮੇਰੀ ਜੁੱਤੀ ਤੇ’। ਜਿਸ ਦਾ ਕਿ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਵੀ ਵਿਰੋਧ ਕੀਤਾ ਗਿਆ ਸੀ।
ਮੇਅਰ ਕੁਲਦੀਪ ਕੁਮਾਰ ਨੇ ਬੀਜੇਪੀ ਦੇ ਕੌਂਸਲਰ ਕੰਵਰਜੀਤ ਰਾਣਾ ਦੀ ਇਸ ਭੱਦੀ ਸ਼ਬਦਾਵਲੀ ਦੀ ਕਰੜੀ ਅਲੋਚਨਾ ਕਰਦੇ ਹੋਏ ਕਿਹਾ ਕਿ ਅਜਿਹੇ ਸ਼ਬਦ ਬੋਲ ਕੇ ਬੀਜੇਪੀ ਕੌਂਸਲਰ ਨੇ ਸਿਰਫ਼ ਮੇਅਰ ਦਾ ਅਪਮਾਨ ਨਹੀਂ ਕੀਤਾ, ਬਲਕਿ ਪੂਰੇ ਬਾਲਮੀਕ ਸਮਾਜ ਦਾ ਅਪਮਾਨ ਕੀਤਾ ਹੈ। ਜਿਸ ਦੇ ਲਈ ਪੂਰਾ ਬਾਲਮੀਕ ਸਮਾਜ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਮੈਨੂੰ ਪਹਿਲੇ ਦਿਨ ਤੋਂ ਹੀ ਟਾਰਗੇਟ ਕੀਤਾ ਜਾ ਰਿਹਾ ਹੈ, ਜਿਸ ਦਿਨ ਦਾ ਮੈਨੂੰ ਆਮ ਆਦਮੀ ਪਾਰਟੀ ਵਲੋਂ ਮੇਅਰ ਉਮੀਦਵਾਰ ਐਲਾਨਿਆ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ 18 ਜਨਵਰੀ ਵਾਲੇ ਦਿਨ ਬੀਜੇਪੀ ਵਲੋਂ ਨਗਰ ਨਿਗਮ ਦੀਆਂ ਚੋਣਾਂ ਨੂੰ ਸਰਕਾਰੀ ਅਧਿਕਾਰੀ ਬਿਮਾਰ ਕਰਕੇ ਅੱਗੇ ਟਾਲ ਦਿੱਤਾ ਗਿਆ, ਤਾਂ ਜੋ ਇੱਕ ਆਮ ਪਰਿਵਾਰ ਅਤੇ ਬਾਲਮੀਕ ਸਮਾਜ ਦਾ ਮੁੰਡਾ ਮੇਅਰ ਨਾ ਬਣ ਜਾਵੇ। ਫਿਰ 30 ਜਨਵਰੀ ਨੂੰ ਅਨਿਲ ਮਸ਼ੀਹ ਦੁਆਰਾ ਮੇਰੀਆਂ 8 ਵੋਟਾਂ ਨੂੰ ਰੱਦ ਕਰਵਾ ਕੇ ਆਪਣਾ ਨਕਲੀ ਮੇਅਰ ਨਗਰ ਨਿਗਮ ਵਿੱਚ ਬਿਠਾਇਆ ਗਿਆ। ਜਿਸ ਦਾ ਇਨਸਾਫ਼ ਸਾਨੂੰ ਮਾਣਯੋਗ ਸੁਪਰੀਮ ਵਲੋਂ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਹੁਣ ਮਾਣਯੋਗ ਸੁਪਰੀਮ ਕੋਰਟ ਵਲੋਂ ਫੈਸਲਾ ਸੁਣਾਉਂਦੇ ਹੋਏ ਮੈਨੂੰ ਇੱਕ ਆਮ ਘਰ ਦੇ ਮੁੰਡੇ ਨੂੰ ਮੇਅਰ ਦੀ ਕੁਰਸੀ ਤੇ ਬਿਠਾਇਆ ਗਿਆ ਹੈ ਤੇ ਹੁਣ ਬੀਜੇਪੀ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ। ਇਸ ਲਈ ਹੁਣ ਬੀਜੇਪੀ ਵਲੋਂ ਵੱਖ–ਵੱਖ ਸਮੇਂ ਤੇ ਮੈਨੂੰ ਨੀਚਾ ਦਿਖਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਬੀਜੇਪੀ ਵਲੋਂ ਮੈਨੂੰ ਜਾਣਬੁੱਝ ਕੇ ਨੀਚਾ ਦਿਖਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਜੀ ਅਤੇ ਲੋਕ ਸਭਾ ਮੈਂਬਰ ਕਿਰਣ ਖੇਰ ਜੀ ਵਲੋਂ ਮੈਨੂੰ ਇੱਕ ਪਬਲਿਕ ਪ੍ਰੋਗਰਾਮ ਦੌਰਾਨ ਅਪਮਾਨਿਤ ਕੀਤਾ ਗਿਆ ਸੀ ਅਤੇ ਅੱਜ ਫਿਰ 3 ਦਿਨ ਬਾਅਦ ਬੀਜੇਪੀ ਦੇ ਕੌਂਸਲਰ ਵਲੋਂ ਨਗਰ ਨਿਗਮ ਦੀ ਮੀਟਿੰਗ ਦੌਰਾਨ ਮੇਰੇ ਲਈ ਬਹੁਤ ਹੀ ਘਟੀਆ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ, ਜੋ ਕਿ ਬਰਦਾਸ਼ਤ ਕਰਨ ਤੋਂ ਬਾਹਰ ਹਨ।
ਉਨ੍ਹਾਂ ਕਿਹਾ ਕਿ ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਵਲੋਂ ਪਿਛਲੀਆਂ ਤਿੰਨੋਂ ਨਗਰ ਨਿਗਮ ਦੀਆਂ ਮੀਟਿੰਗਾਂ ਦੌਰਾਨ ਬਹੁਤ ਹੀ ਭੈੜਾ ਰਵੱਈਆ ਅਪਣਾਇਆ ਗਿਆ ਹੈ ਅਤੇ ਸਦਨ ਦੀ ਕਾਰਵਾਈ ਵਿੱਚ ਵਾਰ–ਵਾਰ ਵਿਘਨ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚੋਂ ਸਸਪੈਂਡ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਬੀਜੇਪੀ ਕੌਂਸਲਰ ਕੰਵਰਜੀਤ ਰਾਣਾ ਵਲੋਂ ਅੱਜ ਮੇਰੇ ਪ੍ਰਤੀ ਸ਼ਬਦ ਵਰਤੇ ਗਏ ਹਨ, ਉਸਦੇ ਲਈ ਪੂਰਾ ਬਾਲਮੀਕ ਭਾਈਚਾਰਾ ਕਦੇ ਵੀ ਉਸ ਨੂੰ ਮਾਫ਼ ਨਹੀਂ ਕਰੇਗਾ।