ਅੰਮ੍ਰਿਤਸਰ, 9 ਮਾਰਚ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ‘ਚ ਰਿਟਰੀਟ ਸਮਾਰੋਹ ਦੇਖਣ ਲਈ ਮਹਾਰਾਸ਼ਟਰ ਤੋਂ ਪ੍ਰਾਈਵੇਟ ਗੱਡੀ ‘ਚ ਅਟਾਰੀ ਪਹੁੰਚੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਹ ਵਿਅਕਤੀ ਸਵੇਰੇ 11 ਵਜੇ ਕਾਰ ਰਾਹੀਂ ਅਟਾਰੀ ਪਹੁੰਚਿਆ ਸੀ। ਜਦੋਂ ਡਰਾਈਵਰ ਨੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਦੇ ਗੇਟ ਅੱਗੇ ਸਿੱਧੂ ਪਾਰਕਿੰਗ ਵਿੱਚ ਕਾਰ ਰੋਕੀ ਤਾਂ ਕਾਰ ਸਵਾਰ ਨੂੰ ਦਿਲ ਦਾ ਦੌਰਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕਾਹਨਗੜ੍ਹ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੁਰਦਾ ਘਰ ‘ਚ ਰਖਵਾਇਆ।
ਜੁਆਇੰਟ ਚੈਕ ਪੋਸਟ ਅਟਾਰੀ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕੋਲ ਅਫ਼ਸਰ ਅਰੁਣ ਮਾਹਲ ਨੇ ਦੱਸਿਆ ਕਿ ਹੁਸੈਨ ਨਿਆਜ਼ੀ ਅਸਗਰ ਅਲੀ ਚੌਧਰੀ ਵਾਸੀ ਅਹਿਮਦ ਨਿਆਜ਼ ਮੰਜ਼ਿਲ ਨੇੜੇ ਬਲੂ ਸਟਾਰ ਹੋਟਲ, ਮਹਾਰਾਸ਼ਟਰ ਰੀਟਰੀਟ ਸਮਾਰੋਹ ਦੇਖਣ ਲਈ ਅਟਾਰੀ ਸਰਹੱਦ ‘ਤੇ ਆਇਆ ਸੀ। ਜਿਵੇਂ ਹੀ ਉਸ ਦੇ ਡਰਾਈਵਰ ਨੇ ਆਈਸੀਪੀ ਦੇ ਸਾਹਮਣੇ ਸਥਿਤ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।