ਪੰਜਾਬ ਪੁਲਿਸ ਤੇ ਬੀਐਸਐਫ ਨੇ ਕਣਕ ਦੇ ਖੇਤ ਵਿੱਚੋਂ ਪੰਜ ਕਿਲੋ ਹੈਰੋਇਨ ਕੀਤੀ ਬਰਾਮਦ, ਦੋ ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ, 9 ਮਾਰਚ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲੀਸ ਨੇ ਪਿੰਡ ਗੱਲੂਵਾਲ ਵਿੱਚ ਇੱਕ ਕਣਕ ਦੇ ਖੇਤ ਵਿੱਚੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ। ਸੂਚਨਾ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਜਦੋਂ ਮੁਹਾਵਾ ਤੋਂ ਗੱਲੂਵਾਲ ਪਿੰਡ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਖੇਤ ਵਿੱਚ ਹੈਰੋਇਨ ਦਾ ਇੱਕ ਪੈਕਟ ਮਿਲਿਆ। ਫਿਲਹਾਲ ਪੁਲਸ ਨੇ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਹਾਵਾ ਤੋਂ ਗੱਲੂਵਾਲ ਨੂੰ ਜਾਂਦੇ ਰਸਤੇ ’ਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਪਿੰਡ ਗੱਲੂਵਾਲ ਨੇੜੇ ਇੱਕ ਖੇਤ ਵਿੱਚ ਡਰੋਨ ਰਾਹੀਂ ਹੈਰੋਇਨ ਸੁੱਟੀ ਗਈ ਹੈ। ਐਸਐਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਸਮੱਗਲਰਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਤਸਕਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਇਸੇ ਦੌਰਾਨ ਤਰਨਤਾਰਨ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਐਸ.ਪੀ (ਇੰਟੈਲੀਜੈਂਸ) ਅਜੈਰਾਜ ਸਿੰਘ ਅਤੇ ਬੀ.ਐਸ.ਐਫ 103 ਬਟਾਲੀਅਨ ਨੂੰ ਸੂਚਨਾ ਮਿਲੀ ਸੀ ਕਿ ਬੀ.ਓ.ਪੀ.ਕੇ.ਐਸ. ‘ਤੇ ਇੱਕ ਡਰੋਨ ਡਿੱਗਿਆ ਹੈ, ਜਿਸ ‘ਤੇ ਪੁਲਿਸ ਨੇ ਤਕਨੀਕੀ ਢੰਗ ਨਾਲ ਮਾਮਲੇ ਦੀ ਜਾਂਚ ਕੀਤੀ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਗੁਰਲਾਲ ਸਿੰਘ ਵਾਸੀ ਰਾਜੋਕੇ ਅਤੇ ਲਵਦੀਪ ਸਿੰਘ ਵਾਸੀ ਰਾਜੋਕੇ ਨੂੰ ਕਾਬੂ ਕੀਤਾ।ਰਾਜੋਕੇ ਦੀ ਮੋਬਾਈਲ ਲੋਕੇਸ਼ਨ ਟਰੇਸ ਕੀਤੀ। ਦੋਵਾਂ ਨੂੰ ਪਿੰਡ ਸੈਦਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਦੋ ਮੋਬਾਈਲ ਫ਼ੋਨ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਲਵਦੀਪ ਸਿੰਘ ਦੇ ਘਰੋਂ 280 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਖੇਪ ਪਾਕਿਸਤਾਨ ਤੋਂ ਲਿਆਂਦੀ ਗਈ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੇ ਆਧਾਰ ’ਤੇ ਅਮਰੀਕਾ ਬੈਠੇ ਵਿਅਕਤੀ ਸਤਨਾਮ ਸਿੰਘ ਵਾਸੀ ਰਾਜੋਕੇ ਦਾ ਨਾਮ ਲਿਆ। ਲਵਦੀਪ ਸਿੰਘ ਦਾ ਭਰਾ ਮਨਪ੍ਰੀਤ ਸਿੰਘ ਪਹਿਲਾਂ ਹੀ 37 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।