ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਚੰਡੀਗੜ੍ਹ ਨਗਰ ਨਿਗਮ ਵਿੱਚ ਫਾਇਨੈਂਸ ਐਂਡ ਕੌਂਟਰੈਕਟ ਕਮੇਟੀ (ਐਫ ਐਂਡ ਸੀਸੀ) ਦੇ ਲਈ ਅੱਜ ਇੰਡੀਆ ਗਠਜੋੜ ਦੇ ਤਿੰਨ ਕੌਂਸਲਰਾਂ ਨੇ ਨਗਰ ਨਿਗਮ ਚੰਡੀਗੜ੍ਹ ਦੇ ਜੁਆਇੰਟ ਸੈਕਟਰੀ ਕੋਲ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਕੌਂਸਲਰ ਜਸਵਿੰਦਰ ਕੌਰ ਅਤੇ ਰਾਮਚੰਦਰ ਯਾਦਵ ਅਤੇ ਕਾਂਗਰਸ ਤੋਂ ਕੌਂਸਲਰ ਤਰੁਣਾ ਮਹਿਤਾ ਨੇ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ। ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ, ਮੇਅਰ ਕੁਲਦੀਪ ਕੁਮਾਰ ਸਮੇਤ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਤੋਂ ਇਲਾਵਾ ਦੋਨਾਂ ਪਾਰਟੀਆਂ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਰਹੇ।
ਇਸ ਮੌਕੇ ਉਤੇ ਤਿੰਨਾਂ ਕੌਂਸਲਰਾਂ ਜਸਵਿੰਦਰ ਕੌਰ, ਰਾਮਚੰਦਰ ਯਾਦਵ ਅਤੇ ਤਰੁਣਾ ਮਹਿਤਾ ਨੇ ਸਾਂਝੇ ਬਿਆਨ ਰਾਂਹੀ ਕਿਹਾ ਕਿ ਅਸੀਂ ਐਂਫ ਐਂਡ ਸੀਸੀ ਦੇ ਮੈਂਬਰ ਬਣਨ ਤੋਂ ਬਾਅਦ ਚੰਡੀਗੜ੍ਹ ਦੇ ਹਰੇਕ ਵਾਰਡ, ਪਿੰਡ ਅਤੇ ਕਲੋਨੀ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਾਵਾਂਗੇ। ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ਼ਹਿਰ ਦੀਆਂ ਕਲੋਨੀਆਂ ਅਤੇ ਪਿੰਡਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਜੋ ਐਫ ਐਂਡ ਸੀਸੀ ਦੇ ਮੈਂਬਰਾਂ ਲਈ ਇੰਡੀਆ ਗਠਜੋੜ ਦੇ ਤਿੰਨ ਕੌਂਸਲਰਾਂ ਵਲੋਂ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ ਗਏ ਹਨ, ਉਨ੍ਹਾਂ ਤਿੰਨਾਂ ਮੈਂਬਰਾਂ ਦੇ ਅਹੁਦਿਆਂ ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਅਤੇ ਚੰਡੀਗੜ੍ਹ ਸ਼ਹਿਰ ਨੂੰ ਵਿਕਾਸ ਪੱਖੋਂ ਸਿਖ਼ਰ ਤੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਚੰਡੀਗੜ੍ਹ ਸ਼ਹਿਰ ਦੇ ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਵਲੋਂ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਕੇ ਚੰਡੀਗੜ੍ਹ ਸ਼ਹਿਰ ਦੀ ਪੂਰੀ ਦੁਨੀਆ ਵਿੱਚ ਬਦਨਾਮੀ ਕਰਵਾਈ ਗਈ। ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬਿਲਕੁੱਲ ਵਿਕਾਸ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਨੂੰ ਕੋਈ ਸਹੂਲਤ ਮੁਹੱਈਆ ਕਰਵਾਈ ਗਈ। ਹੁਣ ਜਦੋਂ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦਾ ਮੇਅਰ ਬਣ ਗਿਆ ਹੈ, ਤਾਂ ਬੀਜੇਪੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ। ਹੁਣ ਬੀਜੇਪੀ ਵਲੋਂ ਸਰਕਾਰੀ ਅਫਸਰਾਂ ਰਾਂਹੀ ਚੰਡੀਗੜ੍ਹ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਪਾ ਜਾ ਰਹੇ ਹਨ। ਇਸ ਦਾ ਉਦਾਹਰਨ ਕੱਲ ਨਗਰ ਨਿਗਮ ਦਾ ਬਜਟ ਪੇਸ਼ ਕਰਨ ਵੇਲੇ ਵੀ ਨਜ਼ਰ ਆਇਆ, ਜਦੋਂ ਸਵੇਰੇ 10:53 ਤੇ ਬੀਜੇਪੀ ਵਲੋਂ ਸਰਕਾਰੀ ਅਫ਼ਸਰਾਂ ਰਾਂਹੀ ਮੇਅਰ ਕੁਲਦੀਪ ਕੁਮਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਣ ਲਈ ਪੱਤਰ ਜਾਰੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਨੂੰ ਹੁਣ ਚੰਡੀਗੜ੍ਹ ਦੀ ਜਨਤਾ ਜਾਣ ਚੁੱਕੀ ਹੈ। ਚੰਡੀਗੜ੍ਹ ਵਾਸੀ ਇਸਦੇ ਲਈ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ