ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਝੂਠ ਦਾ ਪੁਲੰਦਾ
ਬਠਿੰਡਾ 7 ਮਾਰਚ ,ਬੋਲੇ ਪੰਜਾਬ ਬਿਓਰੋ: ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਸਬੰਧੀ ਗਗਨਦੀਪ ਸਿੰਘ ਭੁੱਲਰ ਸੂਬਾ ਕਨਵੀਨਰ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਮਕ ਰਹੀਆਂ ਹਨ। ਪਰ ਪੰਜਾਬ ਦੀ ਸਰਕਾਰ ਮੰਗਾਂ ਹੱਲ ਕਰਨ ਦੀ ਬਜਾਏ ਸਾਂਝੇ ਫਰੰਟ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਜਿਸ ਤੋ ਸਪਸ਼ਟ ਹੁੰਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਲਈ ਸੁਹਿਰਦ ਨਹੀਂ ਹੈ।
ਸਾਥੀ ਸਿਕੰਦਰ ਧਾਲੀਵਾਲ ਨੇ ਦੱਸਿਆ ਕਿ ਸਾਂਝਾ ਫਰੰਟ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਹੈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ,ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ,ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ,ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ ਪਰ ਸਰਕਾਰ ਇਸ ਸਬੰਧੀ ਗੱਲਬਾਤ ਤੋ ਵੀ ਭੱਜ ਚੁੱਕੀ ਹੈ।ਸਾਥੀ ਕਿਸ਼ੋਰ ਚੰਦ ਗਾਜ ਤੇ ਮਨਜੀਤ ਸਿੰਘ ਧੰਜਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੰਜਾਬ ਦੇ ਮੁਲਾਜ਼ਮਾਂ,ਪੈਨਸ਼ਨਰਾਂ ਤੇ ਪੂਰੇ ਕਿਰਤੀ ਵਰਗ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕੀਤਾ ਗਿਆ ਹੈ।ਜਿਸ ਕਾਰਨ ਪੰਜਾਬ ਸਰਕਾਰ ਦਾ ਇਹ ਬਜਟ ਨਿਰਾ ਝੂਠ ਦਾ ਪੁਲੰਦਾ ਹੈ।ਅੱਜ ਦੇ ਇਸ ਇਕੱਠ ਨੂੰ ਲਛਮਣ ਸਿੰਘ ਮਲੂਕਾ,ਰਣਜੀਤ ਸਿੰਘ ਪ੍ਰਿੰਸੀਪਲ,ਸੁਖਦੇਵ ਸਿੰਘ ਚੌਹਾਨ,ਜਤਿੰਦਰ ਕਰਿਸ਼ਨ, ਸੁਰਜੀਤ ਸਿੰਘ ਖਿੱਪਲ ਆਦਿ ਆਗੂਆਂ ਨੇ ਸੰਬੋਧਨ ਕੀਤਾ।