ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੰਗਰੂਰ, ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਸੰਗਰੂਰ, 7 ਮਾਰਚ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਰੋਜ਼ਗਾਰ ਤਹਿਤ ਅੱਜ ਸੰਗਰੂਰ ਪੁੱਜੇ। ਇਸ ਦੌਰਾਨ ਉਨ੍ਹਾਂ 2487 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਸੀ.ਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲਾਂ ਵਿੱਚ 42,900 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਦੀ ਕੋਈ ਲੜਕੀ ਕੰਮ ਕਰੇਗੀ ਤਾਂ ਉਸ ਨੂੰ ਚੰਗੇ ਲੜਕੇ ਦਾ ਰਿਸ਼ਤਾ ਮਿਲੇਗਾ।ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਪੰਜਾਬ ਸਰਕਾਰ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ।
ਸੀ.ਐਮ. ਮਾਨ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਮਿਹਨਤ ਕਰਕੇ ਪਾਸ ਹੋਣ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਸਨ। ਪਹਿਲਾਂ ਸਿਫਾਰਿਸ਼ ‘ਤੇ ਹੀ ਨੌਕਰੀਆਂ ਮਿਲਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਇਮਤਿਹਾਨ ਪਾਸ ਕਰਨ ਅਤੇ ਮੈਰਿਟ ਹਾਸਲ ਕਰਨ ਤੋਂ ਬਾਅਦ ਹੀ ਨੌਕਰੀਆਂ ਮਿਲਦੀਆਂ ਹਨ। ‘ਆਪ’ ਸਰਕਾਰ ਦੌਰਾਨ ਬਿਨਾਂ ਸਿਫ਼ਾਰਸ਼ ਤੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈ ਅਤੇ ਨਾ ਹੀ ਤੁਹਾਡੀ ਆਖਰੀ, ਤੁਸੀਂ ਇਸ ਤੋਂ ਵੀ ਉੱਪਰ ਜਾਵੋਗੇ। ਤੁਸੀਂ ਜਿੰਨੀ ਮਿਹਨਤ ਕਰੋਗੇ, ਓਨਾ ਹੀ ਅੱਗੇ ਵਧੋਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ, ਜੇਕਰ ਪਹਿਲਾਂ ਅਜਿਹੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਨਾ ਜਾਂਦੇ।