ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਜਟ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲਾ : ਤਰੁਣ ਚੁੱਘ

Uncategorized

ਚੰਡੀਗੜ੍ਹ,6 ਮਾਰਚ ,ਬੋਲੇ ਪੰਜਾਬ ਬਿਓਰੋ: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਭਗਵੰਤ ਮਾਨ ਸਰਕਾਰ ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਨੂੰ ਵਧਾ ਕੇ 3 ਲੱਖ 53 ਹਜ਼ਾਰ 600 ਕਰੋੜ ਕਰ ਦਿੱਤਾ ਹੈ ਜੋ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਸਰਕਾਰ ਕੋਲ ਮਾਲੀ ਘਾਟਾ ਤੇ ਕਰਜ਼ਾ ਘੱਟ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਅਗਲੇ ਸਾਲ ਤੋਂ ਘੱਟੋ ਘੱਟ 41831.48 ਕਰੋੜ ਰੁਪਏ ਕਰਜ਼ੇ ਦੇ ਵਿਆਜ ਦੇ ਰੂਪ ਵਿੱਚ ਅਦਾ ਕਰਨੇ ਪੈਣਗੇ ।ਚੁੱਘ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੇਸ਼ ਕੀਤਾ ਬਜਟ ,ਪੰਜਾਬੀਆ ਨਾਲ ਧੋਖਾ,2022 ਦੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਝੂਠੇ ਸਾਬਤ ਕਰਨ ਵਾਲਾ, ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ,ਹਰ ਵਰਗ ਨੂੰ ਨਿਰਾਸ ਕਰਨ ਵਾਲਾ,ਦਿਸਾਹੀਣ ,ਨਿਰਾਸਾਜਨਕ ਤੇ ਝੂਠ ਦਾ ਪੁਲੰਦਾ ਕਰਾਰ ਦਿੱਤਾ । ਤਰੁਣ ਚੁੱਘ ਨੇ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵੱਲੋਂ ਬਜਟ ਵਿੱਚ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਰਾਸ਼ੀ ਨਾ ਰੱਖਣਾ ਸੂਬੇ ਦੀਆਂ ਔਰਤਾਂ ਦਾ ਅਪਮਾਨ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸਰਕਾਰ ਦਾ ਵਾਅਦਾ ਵੀ ਬੇਕਾਰ ਗਿਆ ਹੈ। ‘ਆਪ’ ਸਰਕਾਰ ਬੁਰੀ ਤਰ੍ਹਾਂ ਫਲਾਪ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ‘ਚ ਸਿਰੇ ਤੋਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਲਗਾਤਾਰ ਵੱਧ ਰਹੇ ਕਰਜ਼ੇ ਨੇ ਸਰਕਾਰ ਦੀ ਹਾਲਤ ਆਮਦਨੀ ਅਠਣੀ ਤੇ ਖਰਚਾ ਰੁਪਈਆ ਵਾਲੀ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਵੀ ਵਿਕਾਸ ਹੋ ਰਿਹਾ ਹੈ, ਉਹ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਕੀਮਾਂ ਸਦਕਾ ਹੋ ਰਿਹਾ ਹੈ। ਭਗਵੰਤ ਮਾਨ ਸਰਕਾਰ ਦਾ ਸਾਰਾ ਧਿਆਨ ਆਪਣੀ ਮਸ਼ਹੂਰੀ ‘ਤੇ ਲਾਈ ਬੈਠੀ ਹੈ। ਪੰਜਾਬ ਸਰਕਾਰ ਵਲੋਂ ਖੇਤੀਬਾੜੀ, ਉਦਯੋਗ, ਔਰਤਾਂ, ਨੌਜਵਾਨਾਂ ਅਤੇ ਰੁਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬਜਟ ਵਿੱਚ ਕੋਈ ਐਲਾਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਿਸ ਤਰਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਸਿਰ ਕਰਜ਼ੇ ਦੀ ਪੰਡ ਨੂੰ ਵਧਾ ਰਹੀ ਹੈ ਇਹ ਪੰਜਾਬੀਆ ਲਈ ਖ਼ਤਰੇ ਦੀ ਘੰਟੀ ਹੈ ।

Leave a Reply

Your email address will not be published. Required fields are marked *