ਪਟਿਆਲ਼ਾ, 6 ਮਾਰਚ, ਬੋਲੇ ਪੰਜਾਬ ਬਿਊਰੋ :
ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਪਟਿਆਲਾ ਵਿੱਚ ਐਸਆਈਟੀ ਵੱਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਹ ਪੁੱਛਗਿੱਛ ਪੁਲੀਸ ਲਾਈਨਜ਼ ਦੇ ਅੰਦਰ ਹੋਈ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਤੇ ਸੀਨੀਅਰ ਅਕਾਲੀ ਆਗੂ ਪੁਲੀਸ ਲਾਈਨਜ਼ ਦੇ ਬਾਹਰ ਬੈਠੇ ਰਹੇ। ਐਸਆਈਟੀ ਨੇ ਮਜੀਠੀਆ ਨੂੰ ਕੁੱਲ ਅੱਠ ਵਾਰ ਪੇਸ਼ੀ ਲਈ ਬੁਲਾਇਆ ਹੈ ਅਤੇ ਉਹ ਸੱਤ ਵਾਰ ਪੇਸ਼ ਹੋਏ ਹਨ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ ਜਾਂਚ ਕਰ ਰਹੀਆਂ 6 ਐੱਸ.ਆਈ.ਟੀ. ਬਦਲ ਚੁੱਕੀਆਂ ਹਨ।
ਮਜੀਠੀਆ ਨੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਪੱਤਰਕਾਰ ਨੂੰ ਵਿਧਾਨ ਸਭਾ ਸੈਸ਼ਨ ਦੇ ਬਾਹਰ ਦੇਖ ਲੈਣ ਨੂੰ, ਗੁੰਡਾਗਰਦੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਵਿਧਾਇਕ ਪਠਾਣ ਮਾਜਰਾ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾਉਣ ਲਈ ਹਮਲਾ ਕਰ ਰਹੇ ਹਨ। ਭਗਵੰਤ ਮਾਨ ਨੇ ਖੁਦ ਮੰਨਿਆ ਹੈ ਕਿ ਕਾਂਗਰਸ ਦੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਨ੍ਹਾਂ ਦੇ ਕਰੀਬੀ ਹਨ। ਲੱਗਦਾ ਹੈ ਕਿ ਦੋਵੇਂ ਦੋਸਤਾਨਾ ਮੈਚ ਖੇਡ ਰਹੇ ਹਨ ਅਤੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।