ਲਖਨਊ : ਘਰ ‘ਚ ਅੱਗ ਲੱਗਣ ਕਾਰਨ ਸਿਲੰਡਰ ਫਟੇ,ਪਰਿਵਾਰ ਦੇ ਪੰਜ ਜੀਅ ਜ਼ਿੰਦਾ ਜਲ਼ੇ
ਲਖਨਊ, 6 ਮਾਰਚ, ਬੋਲੇ ਪੰਜਾਬ ਬਿਊਰੋ :
ਲਖਨਊ ਵਿਖੇ ਕਾਕੋਰੀ ਦੇ ਹਜ਼ਰਤ ਸਾਹਿਬ ਇਲਾਕੇ ‘ਚ ਮੰਗਲਵਾਰ ਰਾਤ ਨੂੰ ਦੋ ਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਸਿਲੰਡਰ ‘ਚ ਧਮਾਕਾ ਹੋ ਗਿਆ। ਹਾਦਸੇ ‘ਚ ਪਤੀ-ਪਤਨੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਤਿੰਨ ਮਾਸੂਮ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਣ ’ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ ਡੇਢ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਵਿੱਚ ਸੜੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਟਰਾਮਾ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਚਾਰਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਸਿਲੰਡਰ ‘ਚ ਲੱਗੀ ਅੱਗ ਕਾਰਨ ਧਮਾਕਾ ਇੰਨਾ ਭਿਆਨਕ ਸੀ ਕਿ ਕਮਰੇ ਦੀ ਛੱਤ ਅਤੇ ਕੰਧਾਂ ਢਹਿ ਗਈਆਂ। ਧਮਾਕਿਆਂ ਦੀ ਆਵਾਜ਼ ਲੋਕਾਂ ਨੇ ਦੂਰ ਤੱਕ ਸੁਣੀ। ਜਦੋਂ ਪਿੰਡ ਦੇ ਲੋਕ ਘਰਾਂ ਤੋਂ ਬਾਹਰ ਆਏ ਤਾਂ ਮੁਸ਼ੀਰ ਦੇ ਘਰ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦੇਖ ਕੇ ਦੰਗ ਰਹਿ ਗਏ। ਕੁਝ ਦੇਰ ਵਿਚ ਹੀ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਸੀਐਫਓ ਮੰਗੇਸ਼ ਕੁਮਾਰ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰਾਂ ਦੇ ਪਰਖੱਚੇ ਉੱਡ ਗਏ ਹਨ ਅਤੇ ਕਈ ਥਾਵਾਂ ’ਤੇ ਉਨ੍ਹਾਂ ਦੇ ਟੁਕੜੇ ਵੀ ਖਿੱਲਰ ਗਏ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।