ਚੰਡੀਗੜ੍ਹ, 4 ਮਾਰਚ, ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਹਾਂਸੀ ਦੇ ਪਿੰਡ ਕੰਵਾੜੀ ਦੇ ਸਰਪੰਚ ਅਤੇ ਸਰਪੰਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਦੁਹਾਨ ਦੀ ਐਤਵਾਰ ਰਾਤ ਨੂੰ ਛੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਕਾਰ ਵਿੱਚ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਅਤੇ ਹਾਂਸੀ ਦੇ ਵਿਧਾਇਕ ਵਿਨੋਦ ਭਿਆਨਾ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚੇ ਤੇ ਜਾਣਕਾਰੀ ਹਾਸਿਲ ਕੀਤੀ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ।
ਹਾਂਸੀ ਦੇ ਐਸਪੀ ਨੇ ਮਾਮਲੇ ਦੀ ਜਾਂਚ ਅਤੇ ਹਮਲਾਵਰਾਂ ਦੀ ਭਾਲ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਘਟਨਾ ਦਾ ਕਾਰਨ ਚੋਣਾਂ ਨੂੰ ਲੈ ਕੇ ਚੱਲ ਰਹੀ ਰੰਜਿਸ਼ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਹਾਂਸੀ ਦੇ ਪਿੰਡ ਕੰਵਾੜੀ ਦਾ ਸਰਪੰਚ ਸੰਜੇ ਦੁਹਾਨ ਐਤਵਾਰ ਨੂੰ ਆਪਣੇ ਇਕ ਦੋਸਤ ਨਾਲ ਕਾਰ ‘ਚ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਨਾਰਨੌਂਦ ਦੇ ਪਿੰਡ ਭੈਣੀ ਅਮੀਰਪੁਰ ਗਿਆ ਸੀ।
ਉਹ ਰਾਤ ਕਰੀਬ 8.30 ਵਜੇ ਆਪਣੀ ਕਾਰ ਵਿੱਚ ਪਿੰਡ ਵੱਲ ਪਰਤ ਰਿਹਾ ਸੀ। ਜਦੋਂ ਸਰਪੰਚ ਸੰਜੇ ਆਪਣੇ ਪਿੰਡ ਦੇ ਸਾਬਕਾ ਸਰਪੰਚ ਮਹਾਬੀਰ ਦੇ ਘਰ ਨੇੜੇ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ।ਗੰਭੀਰ ਰੂਪ ਵਿੱਚ ਜ਼ਖਮੀ ਸਰਪੰਚ ਸੰਜੇ ਦੁਹਾਨ ਨੂੰ ਇਲਾਜ ਲਈ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।