ਖੰਨਾ, 2 ਮਾਰਚ, ਬੋਲੇ ਪੰਜਾਬ ਬਿਊਰੋ :
ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਜਿਮ ‘ਚ ਕਸਰਤ ਕਰਦੇ ਸਮੇਂ ਲਾਲੀ ਨੂੰ ਦਿਲ ਦਾ ਦੌਰਾ ਪਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਲੀ ਕਾਂਗਰਸ ਦੇ ਸੀਨੀਅਰ ਆਗੂ ਸਨ। ਜਿੱਥੇ ਉਹ ਖੁਦ ਲਗਾਤਾਰ ਪੰਜਵੀਂ ਵਾਰ ਕਾਂਗਰਸ ਦੇ ਕੌਂਸਲਰ ਬਣੇ ਹਨ, ਉਥੇ ਉਨ੍ਹਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਬਣੀ ਹੈ।
ਲਾਲੀ ਕੈਪਟਨ ਸਰਕਾਰ ਵਿੱਚ ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਸਨ। ਇਸ ਤੋਂ ਇਲਾਵਾ ਉਹ ਖੰਨਾ ਨਗਰ ਕੌਂਸਲ ਦੇ ਉਪ ਚੇਅਰਮੈਨ ਵੀ ਰਹੇ। ਲਾਲੀ ਦੇ ਅਚਾਨਕ ਦਿਹਾਂਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਗੁਰਮਿੰਦਰ ਸਿੰਘ ਲਾਲੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ। ਕੈਪਟਨ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਲਾਲੀ ਦਾ ਸਿਆਸੀ ਕੱਦ ਵੀ ਵਧਿਆ। ਪਰ ਲਾਲੀ ਪਾਰਟੀ ਪ੍ਰਤੀ ਵਫ਼ਾਦਾਰ ਸੀ। ਕੈਪਟਨ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ‘ਚ ਲਿਆਉਣ ਦੀਆਂ ਕਈ ਪੇਸ਼ਕਸ਼ਾਂ ਆਈਆਂ ਸਨ। ਪਰ ਉਨ੍ਹਾਂ ਕਾਂਗਰਸ ਨਹੀਂ ਛੱਡੀ।