ਬੰਗਲਾਦੇਸ਼ : ਬਹੁਮੰਜਿਲਾ ਬਿਲਡਿੰਗ ‘ਚ ਲੱਗੀ ਭਿਆਨਕ ਅੱਗ, 44 ਵਿਅਕਤੀਆਂ ਨੇ ਦਮ ਤੋੜਿਆ
ਢਾਕਾ, 1 ਮਾਰਚ, ਬੋਲੇ ਪੰਜਾਬ ਬਿਊਰੋ :
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਬਹੁਮੰਜਿਲਾ ਬਿਲਡਿੰਗ ਵਿੱਚ ਅੱਗ ਲੱਗ ਗਈ, ਜਿਸ ਵਿੱਚ 44 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅੱਗ ਬੇਲੀ ਰੋਡ ‘ਤੇ ਸਥਿਤ ਇਕ ਇਮਾਰਤ ‘ਚ ਲੱਗੀ, ਜਿਸ ‘ਚ ਕਈ ਰੈਸਟੋਰੈਂਟ ਹਨ। ਫਾਇਰ ਬ੍ਰਿਗੇਡ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਸੱਤਵੀਂ ਮੰਜ਼ਿਲ ਤੋਂ 70 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚ 42 ਬੇਹੋਸ਼ ਸਨ। ਬੰਗਲਾਦੇਸ਼ ਦੇ ਸਿਹਤ ਮੰਤਰੀ ਸਾਮੰਤ ਲਾਲ ਸੇਨ, ਢਾਕਾ-8 ਦੇ ਸੰਸਦ ਮੈਂਬਰ ਏ ਐੱਫ ਐੱਮ ਬਹਾਉਦੀਨ ਨਸੀਮ ਅਤੇ ਕਈ ਸੀਨੀਅਰ ਅਧਿਕਾਰੀ ਅਤੇ ਨੇਤਾ ਮੌਕੇ ‘ਤੇ ਪਹੁੰਚ ਗਏ ਸਨ।
ਸਿਹਤ ਮੰਤਰੀ ਸੇਨ ਨੇ ਰਾਤ 2 ਵਜੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਗ ਵੀਰਵਾਰ ਦੇਰ ਰਾਤ ਲੱਗੀ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਢਾਕਾ ਮੈਡੀਕਲ ਕਾਲਜ ਵਿੱਚ 33 ਅਤੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਪੁਲਿਸ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਆਈਜੀਪੀ ਚੌਧਰੀ ਅਬਦੁੱਲਾ ਅਲ ਮਾਮੂਨ ਨੇ ਦੱਸਿਆ ਕਿ ਹੁਣ ਤੱਕ 75 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।