ਰੌਸ਼ਨ ਪ੍ਰਿੰਸ਼ ਦੀ ਕਾਮੇਡੀ ਭਰਪੂਰ ਰਹੱਸਮਈ ਫ਼ਿਲਮ ‘ਬੂ ਮੈਂ ਡਰਗੀ’
-ਸੋਹਣੇ ਨੈਣ ਨਕਸ਼ਾਂ ਵਾਲਾ, ਸੁਰੀਲੀ ਆਵਾਜ਼ ਦਾ ਮਾਲਕ ‘ਆਵਾਜ਼ ਪੰਜਾਬ ਦੀ’ ਜੇਤੂ ਰੌਸ਼ਨ ਪ੍ਰਿੰਸ਼ ਗਾਇਕ ਤੇ ਨਾਇਕ ਵਜੋਂ ਅੱਜ ਇੱਕ ਖ਼ਾਸ ਪਹਿਚਾਣ ਰੱਖਦਾ ਹੈ। ਦਰਸ਼ਕਾਂ ਨੇ ਉਸਨੂੰ ਫ਼ਿਲਮੀ ਪਰਦੇ ਤੇ ਵੀ ਉਨ੍ਹਾਂ ਹੀ ਪਿਆਰ ਦਿੱਤਾ ਹੈ ਜਿੰਨ੍ਹਾ ਗਾਇਕ ਵਜੋਂ ਉਸਦੀਆਂ ਫ਼ਿਲਮਾਂ ਆਮ ਵਿਸ਼ਿਆਂ ਤੋਂ ਹਟਕੇ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ। ਉਸਨੇ ਹੁਣ ਤੱਕ ਦੋ ਦਰਜਨ ਤੋਂ ਵੱਲ ਫ਼ਿਲਮਾਂ ਲਈ ਕੰਮ ਕੀਤਾ ਹੈ। ‘ਆਵਾਜ਼ ਪੰਜਾਬ ਦੀ’ ਦੇ ਸ਼ੀਜਨ ਦੌਰਾਨ ਹੀ ਚਰਚਾ ਵਿਚ ਆਏ ਇਸ ਕਲਾਕਾਰ ਨੇ 2006 ਤੋਂ ਗਾਇਕੀ ਵਿਚ ਸਰਗਰਮ ਹੁੰਦਿਆਂ ‘ਆਵਾਜ਼ ਪੰਜਾਬ ਦੀ’,ਪ੍ਰਿੰਸ਼ ਐਂਡ ਪੂਜਾ, ਕਰੇਜ਼ੀ ਗੱਭਰੂ, ਦਿਲ ਦਾ ਚੋਰ, ਗੁੱਤ ਤੇ ਪਰਾਂਦਾਂ’ ਵਰਗੇ ਹੋਰ ਅਨੇਕਾਂ ਚਰਚਿਤ ਗੀਤਾਂ ਨਾਲ ਪੰਜਾਬੀ ਗਾਇਕੀ ਵਿਚ ਧਾਂਕ ਜਮਾਂਈ। ਗਾਇਕੀ ਵਿਚ ਉਸਦੀ ਚੜ੍ਹਤ ਨੂੰ ਕੈਸ਼ ਕਰਨ ਲਈ ਜਦ ਫ਼ਿਲਮਾਂ ਵਾਲਿਆਂ ਉਸਦੇ ਬੂਹੇ ਦਸਤਕ ਦਿੱਤੀ ਤਾਂ ਆਪਣੀਆਂ ਮੁੱਢਲੀਆਂ ਫ਼ਿਲਮਾਂ ‘ਕਬੱਡੀ ਵੰਨਸ ਅਗੇਨ, ਸਿਰਫਰੇ,ਨੌਟੀ ਜੱਟ,ਇਸ਼ਕ ਬ੍ਰਾਂਡੀ,ਕ੍ਰਿਪਾਨ -ਦਾ ਸੋਅਰਡ,ਮੈਂ ਤੇਰੀ ਤੂੰ ਮੇਰਾ,ਮੁੰਡਿਆਂ ਤੋਂ ਬਚ ਕੇ ਰਹੀ,ਅਰਜੁਨ,ਆਤਿਸ਼ਬਾਜ਼ੀ ਇਸ਼ਕ’ ਨਾਲ ਰੌਸ਼ਨ ਪ੍ਰਿੰਸ਼ ਨੌਜਵਾਨਾਂ ਦੀ ਧੜਕਣ ਬਣਿਆ। ਇਸੇ ਦੌਰਾਨ ‘ਲੱਕੀ ਦੀ ਅਣਲੱਕੀ ਸਟੋਰੀ’, ‘ਫੇਰ ਮਾਮਲਾ ਗੜਬੜ ਗੜਬੜ’, ‘ਲਾਵਾਂ ਫੇਰੇ’ ਫ਼ਿਲਮਾਂ ਦੀ ਪ੍ਰਸਿੱਧੀ ਨੇ ਰੌਸ਼ਨ ਪ੍ਰਿੰਸ਼ ਦੀ ਸਫ਼ਲਤਾ ਨੂੰ ਚਾਰ-ਚੰਨ ਲਾਏ। ਨੀਰੂ ਬਾਜਵਾ ਦੀ ਛੋਟੀ ਭੈਣ ਰੂਬੀਨਾ ਬਾਜਵਾ ਨਾਲ ਰੌਸ਼ਨ ਪ੍ਰਿੰਸ਼ ਦੀ ਆਈ ਫ਼ਿਲਮ ‘ਲਾਵਾਂ ਫੇਰੇ’ ਭਾਵੇਂਕਿ ਇਕ ਕਾਮੇਡੀ ਫ਼ਿਲਮ ਸੀ ਪ੍ਰੰਤੂ ਇਸ ਜੋੜੀ ਦਾ ਰੁਮਾਂਟਿਕ ਅੰਦਾਜ਼ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਰੌਸ਼ਨ ਆਪਣੇ ਕੰਮ ਪ੍ਰਤੀ ਹਮੇਸ਼ਾ ਹੀ ਸੰਜੀਦਾ ਰਿਹਾ ਹੈ। ਉਸਦੀਆਂ ਬਹੁਤੀਆਂ ਫ਼ਿਲਮਾਂ ‘ਚੋਂ ਜਿੱਥੇ ਕੁਝ-ਕੁ ਨੂੰ ਮਣਾਂ-ਮੂੰਹੀਂ ਪਿਆਰ ਮਿਲਿਆ ਉਥੇ ਕੁਝ-ਕੁ ਨੂੰ ਵੱਖਰੀ ਸੋਚ ਦੇ ਦਰਸ਼ਕ ਨੇ ਅੱਖੋਂ -ਪਰੋਖੇ ਵੀ ਕੀਤਾ।
#morepic1ਇਹ ਸਭ ਦਰਸਕਾਂ ਦੀ ਪਸੰਦ ‘ਤੇ ਨਿਰਭਰ ਕਰਦਾ ਹੈ। ਅਜਿਹੇ ਮੌਕੇ ਫ਼ਿਲਮਮੇਕਰ ਦੀ ਸੋਚ ਦਰਸ਼ਕਾਂ ਤੋਂ ਪਰ੍ਹੇਂ ਹੁੰਦੀ ਹੈ ਪ੍ਰੰਤੂ ਰੌਸ਼ਨ ਪ੍ਰਿੰਸ਼ ਆਪਣੇ ਕਿਰਦਾਰ ਨੂੰ ਨਿਖਾਂਰਣ ਲਈ ਪੂਰੀ ਮੇਹਨਤ ਕਰਦਾ ਹੈ। ਸਮੇਂ ਦੇ ਨਾਲ ਚਲਦਿਆਂ ਉਸਨੇ ਹਰ ਵਿਸ਼ੇ ਦੀਆਂ ਫ਼ਿਲਮਾਂ ਕੀਤੀਆਂ। ਬਿਨਾਂ ਸ਼ੱਕ ਕਾਮੇਡੀ ਫ਼ਿਲਮਾਂ ਨੇ ਉਸਦੇ ਫ਼ਿਲਮੀ ਗ੍ਰਾਫ਼ ਨੂੰ ਉੱਚਾ ਕੀਤਾ। ਇੰਨੀਂ ਦਿਨੀਂ ਰੌਸ਼ਨ ਪ੍ਰਿੰਸ਼ ਕਾਮੇਡੀ ਦੇ ਨਾਲ ਨਾਲ ਇਕ ਰਹੱਸਮਈ ਵਿਸ਼ੇ ਦੀ ਫ਼ਿਲਮ ‘ਬੂ ਮੈਂ ਡਰਗੀ’ ਨਾਲ ਚਰਚਾ ਵਿਚ ਹੈ। ਰੌਸ਼ਨ ਪ੍ਰਿੰਸ਼ ਦੇ ਕਹਿਣ ਮੁਤਾਬਕ ਇਹ ਫ਼ਿਲਮ ਰਹੱਸਮਈ-ਰੁਮਾਂਸ ਦੀ ਅਨੋਖੀ ਕਾਮੇਡੀ ਕਹਾਣੀ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਇਕ ਜ਼ਮਾਨਾ ਸੀ ਜਦ ਹਿੰਦੀ ਸਿਨਮਾ ਵਿਚ ‘ਜਾਨੀ ਦੁਸ਼ਮਣ , ਬੰਦ ਦਰਵਾਜਾ,ਤਹਿਖਾਨਾ’ ਵਰਗੀਆ ਖੌਫ਼ਨਾਕ ਫ਼ਿਲਮਾਂ ਦਾ ਬੋਲਬਾਲਾ ਹੁੰਦਾ ਸੀ।ਕਈ ਸਾਲਾਂ ਬਾਅਦ ਹੁਣ ਇਹ ਦੌਰ ਪੰਜਾਬੀ ਫ਼ਿਲਮ “ਬੂ ਮੈਂ ਡਰਗੀ” ਨਾਲ ਮੁੜ ਦੁਹਰਾਇਆ ਗਿਆ ਹੈ। ਰਾਜੂ ਵਰਮਾ ਦੀ ਲਿਖੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਨੇ ਕੀਤਾ ਹੈ । ਇਸ ਫ਼ਿਲਮ ‘ਚ ਪਹਾੜੀ ਪਿੰਡਾਂ ਦੀ ਜ਼ਿੰਦਗੀ, ਸਮੱਸਿਆਵਾਂ ਅਤੇ ਉਥੋਂ ਦੇ ਲੋਕਾਂ ਦਾ ਰਹਿਣ ਸਹਿਣ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਇੱਕ ਪਿੰਡ ਦੇ ਇਰਦ-ਗਿਰਦ ਘੁੰਮਦੀ ਹੈ । ਪਿੰਡ ਵਿੱਚ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹਨ । ਇਨਾਂ ਮੁਸ਼ਕਿਲਾਂ ਵਿੱਚੋਂ ਨਿਕਲਣ ਲਈ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਫ਼ਿਲਮ ਕਾਮੇਡੀ ਦੇ ਨਾਲ-ਨਾਲ ਡਰਾਵਨੀ ਵੀ ਹੈ।
‘ਨੈਕਸਟ ਇਮੈਜ ਇੰਟਰਟੇਨਮੈਂਟ’ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਸੋਨੀ ਨੱਢਾ, ਕਰਮਜੀਤ ਥਿੰਦ, ਪਰਵਿੰਦਰ ਨੱਢਾ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਇਹ ਪਹਿਲੀ ਹੌਰਰ ਫਿਲਮ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਵੀ ਅਜਿਹੀਆਂ ਲੋਕੇਸ਼ਨਾਂ ‘ਤੇ ਕੀਤੀ ਹੈ ਜਿੰਨਾ ਦੀ ਗਿਣਤੀ ਦੇਸ਼ ਦੀਆਂ ਸਭ ਤੋਂ ਹੌਂਟਡ ਲੋਕੇਸ਼ਨਾਂ ‘ਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਲੋਕੇਸ਼ਨਾਂ ‘ਤੇ ਆਮ ਲੋਕ ਦਿਨ ਵੇਲੇ ਹੀ ਜਾਣ ਤੋਂ ਕਤਰਾਉਂਦੇ ਹਨ। ਮਲਟੀਸਟਾਰ ਕਾਸਟ ਵਾਲੀ ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਈਸ਼ਾ ਰਿਖੀ ਤੋਂ ਇਲਾਵਾ ਯੋਗਰਾਜ ਸਿੰਘ, ਬੀ ਐਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਹਰਦੀਪ ਗਿੱਲ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਬਾਲ ਕਲਾਕਾਰ ਅਨਮੋਲ ਵਰਗਾ, ਗੁਰਮੀਤ ਸਾਜਨ, ਸਤਿੰਦਰ ਕੌਰ, ਗੁਰਪ੍ਰੀਤ ਕੌਰ ਭੰਗੂ ਜੱਗੀ, ਗੁਰਚੇਤ ਚਿੱਤਰਕਾਰ,ਅਤੇ ਨਿਸ਼ਾ ਬਾਨੋਂ ਸਮੇਤ ਹੋਰ ਕਈ ਕਲਾਕਾਰ ਅਹਿਮ ਭੂਮਿਕਾਵਾਂ ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਗੀਤ ਗਾਇਕ ਨਿੰਜਾ, ਗੁਰਲੇਜ ਅਖ਼ਤਰ, ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ਿਵਜੋਤ ਨੇ ਗਾਏ ਹਨ ਜਿੰਨ੍ਹਾ ਨੂੰ ਗੀਤਕਾਰ, ਹਰਮਨਜੀਤ ਤੇ ਰਾਜੂ ਵਰਮਾ ਨੇ ਲਿਖਿਆ ਹੈ। ਇਸ ਫ਼ਿਲਮ ਵਿਚਲੇ ਹੈਰਤ-ਅੰਗੇਜ਼ ਦ੍ਰਿਸ਼ਾਂ ਨੂੰ ਕੈਮਰਾਮੈਨ ਬਰਿੰਦਰ ਸਿੱਧੂ ਨਾ ਫ਼ਿਲਮਾਇਆ ਹੈ। ਇਸ ਫ਼ਿਲਮ ਦੇ ਸਹਾਇਕ ਨਿਰਮਾਤਾ ਬਿਕਰਮ ਗਿੱਲ ਹਨ। ਪਰਿਵਾਰਕ ਡਰਾਮਾ, ਹੌਰਰ ਅਤੇ ਡਬਲਡੋਜ ਕਾਮੇਡੀ ਵਾਲੀ ਮਨੋਰੰਜਨ ਭਰਪੂਰ ‘ਪੰਜਾਬੀ ਫ਼ਿਲਮ ‘ਬੂ ਮੈਂ ਡਰ ਗਈ’ 1 ਮਾਰਚ ਨੂੰ ਸਿਨੇਮਾ ਘਰਾਂ ਦੇਖਣ ਨੂੰ ਮਿਲੇਗੀ। -ਸੁਰਜੀਤ ਜੱਸਲ 9814607737