ਈ.ਡੀ ਤੇ ਸੀ.ਬੀ.ਆਈ ਦੀਆਂ ਹਕੂਮਤੀ ਰੇਡਾਂ ਤੋ ਡਰਕੇ ਕਾਨੂੰਨ ਤੋਂ ਆਪਣੀ ਖੱਲ ਬਚਾਉਣ ਵਾਲੇ ਹੋ ਰਹੇ ਹਨ ਬੀਜੇਪੀ ਵਿਚ ਸਾਮਿਲ
ਨਵੀਂ ਦਿੱਲੀ, 29 ਫਰਵਰੀ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):- “ਜੋ ਬੀਜੇਪੀ ਪਾਰਟੀ ਵੱਲੋਂ ਮੀਡੀਏ ਤੇ ਅਖ਼ਬਾਰਾਂ ਵਿਚ ਇਥੋ ਦੇ ਲੋਕਾਂ ਦੀ ਬਹੁਗਿਣਤੀ ਆਪਣੇ ਨਾਲ ਹੋਣ ਦੇ ਖੋਖਲੇ ਦਾਅਵੇ ਕੀਤੇ ਜਾ ਰਹੇ ਹਨ, ਉਸ ਵਿਚ ਅਸਲੀ ਤਸਵੀਰ ਕੁਝ ਹੋਰ ਹੈ । ਕਿਉਂਕਿ ਬੀਜੇਪੀ ਦੀ ਮੁਲਕ ਦੀ ਜਨਤਾ ਉਤੇ ਕੋਈ ਪਕੜ ਨਹੀਂ ਰਹੀ । ਬਲਕਿ ਜੋ ਇਨ੍ਹਾਂ ਦੀ ਪਾਰਟੀ ਵਿਚ ਸਿਆਸਤਦਾਨ ਤੇ ਲੋਕਾਂ ਨੂੰ ਸਾਮਿਲ ਹੋਣ ਨੂੰ ਆਧਾਰ ਬਣਾਕੇ ਆਪਣੇ ਹਰਮਨ ਪਿਆਰਤਾਂ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਪਿੱਛੇ ਜਾਂ ਤਾਂ ਟਿਕਟੂ, ਟਿਕਟ ਲੈਣ ਵਾਲੇ ਹਨ, ਉਹ ਜਾ ਰਹੇ ਹਨ ਜਾਂ ਫਿਰ ਆਪਣੇ ਜਨਤਕ ਰੋਹ ਵਾਲੀ ਛਬੀ ਨੂੰ ਕਾਇਮ ਰੱਖਣ ਲਈ ਸੁਰੱਖਿਆ ਲੈਣ ਵਾਲੇ, ਦੋ ਨੰਬਰ ਦਾ ਕਾਰੋਬਾਰ ਕਰਨ ਵਾਲੇ, ਈ.ਡੀ ਤੇ ਸੀ.ਬੀ.ਆਈ ਦੀਆਂ ਹਕੂਮਤੀ ਰੇਡਾਂ ਤੋ ਡਰਕੇ ਕਾਨੂੰਨ ਤੋਂ ਆਪਣੀ ਖੱਲ ਬਚਾਉਣ ਦੇ ਡਰੋ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ । ਜਿਨ੍ਹਾਂ ਵੀ ਲੀਡਰਸਿ਼ਪ ਸਿਆਸਤਦਾਨਾਂ ਵਿਚ ਗੈਰ-ਇਖਲਾਕੀ ਗੰਦ ਹੈ, ਉਸਦਾ ਹੀ ਬੀਜੇਪੀ ਵਿਚ ਭਰਮਾਰ ਹੁੰਦਾ ਜਾ ਰਿਹਾ ਹੈ । ਜਿਸ ਨਾਲ ਆਉਣ ਵਾਲੇ ਸਮੇਂ ਵਿਚ ਬੀਜੇਪੀ ਇਕ ਵੱਡੇ ਗੰਦ ਦੇ ਟੋਕਰੇ ਦੀ ਤਰ੍ਹਾਂ ਪਹਿਚਾਣੀ ਜਾਵੇਗੀ ਅਤੇ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਬੀਜੇਪੀ ਪਾਰਟੀ ਦਾ ਪ੍ਰਦਰਸ਼ਨ ਅਤਿ ਨਮੋਸ਼ੀ ਵਾਲਾ ਹੋਵੇਗਾ । ਕਿਉਂਕਿ ਲੋਕਾਂ ਨੂੰ ਇਸ ਬਦਬੂ ਵਾਲੇ ਟੋਕਰੇ ਤੋਂ ਖੁਦ ਹੀ ਲੋਕਾਂ ਨੇ ਦੂਰੀ ਬਣਾ ਲੈਣੀ ਹੈ ਅਤੇ ਬੀਜੇਪੀ ਦੀ ਸਿਆਸੀ ਹਾਰ ਤਹਿ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਹਕੂਮਤ ਪਾਰਟੀ ਬੀਜੇਪੀ ਵਿਚ ਆਏ ਦਿਨ ਸਿਆਸੀ ਆਗੂਆਂ ਦੇ ਸਾਮਿਲ ਹੋਣ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਉਤੇ ਸਰਕਾਰੀ ਜ਼ਬਰ ਦਹਿਸਤੀ ਕਾਰਵਾਈ ਨੇ ਬੀਜੇਪੀ ਦੇ ਖਾਮੀਪੂਰਨ ਰਾਜ ਪ੍ਰਬੰਧ ਦੀਆਂ ਜੜ੍ਹਾ ਹਿਲਾ ਦਿੱਤੀਆ ਹਨ । ਦੂਸਰਾ ਹੁਕਮਰਾਨ ਪਹਾੜਾਂ ਅਤੇ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆਂ ਨੂੰ ਨਕਸਲਾਈਟ ਕਹਿਕੇ ਮਾਰਿਆ ਜਾ ਰਿਹਾ ਹੈ । ਕਸਮੀਰ ਵਿਚ ਦੇਸ਼ਧ੍ਰੋਹੀ ਤੇ ਦੇਸ਼ ਵਿਰੋਧੀ ਗਰਦਾਨਕੇ ਕਸਮੀਰੀ ਮੁਸਲਮਾਨਾਂ ਨੂੰ ਅੱਤਵਾਦੀ ਕਹਿਕੇ ਨਿਸਾਨਾਂ ਬਣਾਇਆ ਜਾ ਰਿਹਾ ਹੈ । ਛੱਤੀਸਗੜ੍ਹ, ਮਨੀਪੁਰ, ਅਸਾਮ, ਵੈਸਟ ਬੰਗਾਲ, ਝਾਰਖੰਡ, ਮਿਜੋਰਮ ਆਦਿ ਸੂਬਿਆਂ ਵਿਚ ਵੱਡੀ ਗਿਣਤੀ ਵਿਚ ਵੱਸਣ ਵਾਲੇ ਘੱਟ ਗਿਣਤੀ ਨਿਵਾਸੀ ਅਤੇ ਦਲਿਤਾਂ ਉਤੇ ਹਕੂਮਤੀ ਜ਼ਬਰ ਢਾਹਿਆ ਜਾ ਰਿਹਾ ਹੈ । 2019 ਤੋਂ ਜੰਮੂ-ਕਸ਼ਮੀਰ ਦੀ ਅਸੈਬਲੀ ਨੂੰ ਗੈਰ ਵਿਧਾਨਿਕ ਢੰਗ ਨਾਲ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਯੂ.ਟੀ. ਐਲਾਨ ਦਿੱਤਾ ਗਿਆ ਹੈ, ਜਿਨ੍ਹਾਂ ਦੀ ਖੁਦਮੁਖਤਿਆਰੀ ਨੂੰ ਖਤਮ ਕੀਤਾ ਗਿਆ ਹੈ । ਜਿਸਦਾ ਮੋਦੀ ਸਰਕਾਰ ਕੋਲ ਕੋਈ ਜੁਆਬ ਨਹੀ ਹੈ । ਫਿਰ 2014 ਤੋਂ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਕੇ ਵਿਧਾਨਿਕ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ । ਫਿਰ ਵੱਖ-ਵੱਖ ਸੂਬਿਆਂ ਵਿਚ ਵਿਰੋਧੀਆਂ ਦੇ ਘਰਾਂ ਅਤੇ ਕਾਰੋਬਾਰਾਂ ਉਤੇ ਬੁਲਡੋਜਰ ਨੀਤੀ ਅਧੀਨ ਹਮਲੇ ਹੋ ਰਹੇ ਹਨ । ਉਨ੍ਹਾਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਕੇ ਗੁਲਾਮ ਬਣਾਉਣ ਦੀਆਂ ਸਾਜਿਸਾਂ ਰਚੀਆ ਜਾ ਰਹੀਆ ਹਨ ।