ਆਰ.ਐਮਪੀਆਈ. ਨੇ ਜਲੰਧਰ ਵਿਖੇ ਵਿਸ਼ਾਲ ਰੈਲੀ ਕਰਕੇ ਦਿੱਤਾ ” ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਉ” ਦਾ ਹੋਕਾ

Uncategorized

ਸੰਘ ਦੇ ਫਿਰਕੂ-ਫਾਸ਼ੀ ਏਜੰਡੇ ਤੇ ਮੋਦੀ ਦੀਆਂ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਖਿਲਾਫ ਤਿੱਖੇ ਘੋਲ ਵਿੱਢਾਂਗੇ- ਪਾਸਲਾ  
ਜਲੰਧਰ ; 29 ਫਰਵਰੀ,ਬੋਲੇ ਪੰਜਾਬ ਬਿਓਰੋ:
“ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਦੀ ਰਾਖੀ ਲਈ, ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਅਤੇ ਬੇਲਗਾਮ ਕਾਰਪੋਰੇਟੀ ਤੇ ਸਾਮਰਾਜੀ ਲੁੱਟ ਨੂੰ ਠੱਲ੍ਹ ਪਾਉਣ ਲਈ 2024 ਦੀਆਂ ਲੋਕ ਸਭਾ ਚੋਣਾਂ ਅੰਦਰ ਦੇਸ਼ ਦੇ ਸੰਵਿਧਾਨ ਨੂੰ ਅਣਡਿੱਠ ਕਰਕੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਅਨੁਸਾਰ ਰਾਜ-ਭਾਗ ਚਲਾ ਰਹੀ ਭਾਜਪਾ ਨੂੰ  ਚਲਦੀ ਕਰੋ। ਦੇਸ਼ ਵਾਸੀਆਂ ਸਾਹਮਣੇ ਇਹ ਅਤਿ ਲੋੜੀਂਦਾ ਫੌਰੀ ਕਾਰਜ ਹੈ।’’ ਇਹ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ.) ਅਤੇ ਭਾਰਤ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ-ਯੂਨਾਇਟਿਡ  (ਐਮ.ਸੀ.ਪੀ.ਆਈ.-ਯੂ.) ‘ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ‘ (ਸੀ.ਸੀ.ਸੀ.) ਵਲੋਂ, ਦੇਸ਼ ਭਗਤ

ਯਾਦਗਾਰ ਜਲੰਧਰ ਵਿਖੇ “ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਉ’’ ਰੈਲੀ ਵਿਚ ਹਾਜ਼ਰ ਵਿਸ਼ਾਲ ਜਨ ਸਮੂਹਾਂ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ।
ਸਾਥੀ ਪਾਸਲਾ ਨੇ ਕਿਹਾ ਕਿ ਆਰ.ਐਸ.ਐਸ. ਤੇ ਇਸ ਦਾ ਰਾਜਸੀ ਵਿੰਗ ਭਾਜਪਾ ਦੇਸ਼ ਦੇ ਸੰਘਾਤਮਕ, ਧਰਮ ਨਿਰਪੱਖ ਤੇ ਲੋਕਰਾਜੀ ਢਾਂਚੇ ਨੂੰ ਤਬਾਹ ਕਰਕੇ ਦੇਸ਼ ਅੰਦਰ ਇਕ ਧਰਮ ਅਧਾਰਤ ਫਾਸ਼ੀ ਤਰਜ਼ ਦਾ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਅਜਿਹੀ ਗੈਰ ਲੋਕਰਾਜੀ ਵਿਵਸਥਾ ਅੰਦਰ ਜਾਤੀਪਾਤੀ ਵਿਵਸਥਾ ਤੇ ਔਰਤਾਂ ਦੇ ਉਤਪੀੜਨ ਨੂੰ ਹੋਰ ਵੀ ਕਠੋਰ ਰੂਪ ’ਚ ਲਾਗੂ ਕਰਨ ਵਾਸਤੇ ‘ਮਨੂੰਵਾਦੀ’ ਸਮਾਜਿਕ ਢਾਂਚਾ ਸਥਾਪਤ ਕਰਨ ਦਾ ਐਲਾਨ ਆਰ.ਐਸ.ਐਸ. ਪਹਿਲਾਂ ਹੀ ਕਰ ਚੁੱਕੀ ਹੈ। ਸੰਘ ਦੇ ਇਸ ‘ਧਰਮੀ’ ਰਾਸ਼ਟਰ ਦਾ ਭੱਦਾ ਪ੍ਰਮਾਣ ਦੇਸ਼ ਭਰ ਵਿਚ ਦਲਿਤਾਂ, ਔਰਤਾਂ, ਆਦਿਵਾਸੀਆਂ ’ਤੇ ਨਿੱਤ ਵੱਧ ਰਹੇ ਫਿਰਕੂ ਸ਼ਕਤੀਆਂ ਦੇ ਹਿੰਸਕ ਹਮਲਿਆਂ ਤੋਂ ਸਪੱਸ਼ਟ ਮਿਲ ਜਾਂਦਾ ਹੈ।


ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਘ ਵਲੋਂ ਚਿਤਵਿਆ ‘ਧਰਮ ਅਧਾਰਤ’ ਫਿਰਕੂ ਢਾਂਚਾ ਜੇਕਰ ਮੰਦੇ ਭਾਗੀਂ ਸੱਚਮੁੱਚ ਹੋਂਦ ਵਿਚ ਆਇਆ ਤਾਂ ਇਹ ਦੇਸ਼ ਦੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ, ਗਰੀਬਾਂ ਅਤੇ ਲੁੱਟੇ-ਲਤਾੜੇ ਤਬਕਿਆਂ ਲਈ ਕੁੰਭੀ ਨਰਕ ਤੋਂ ਵੀ ਭੈੜਾ ਅਤੇ ਮੁੱਠੀ ਭਰ ਲੁਟੇਰੇ ਹਾਕਮਾਂ ਲਈ ਵਰਦਾਨ ਸਿੱਧ ਹੋਵੇਗਾ।  
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਪਣਾਈਆਂ ਕਾਰਪੋਰੇਟ ਘਰਾਣਿਆਂ ਪੱਖੀ ਆਰਥਿਕ ਨੀਤੀਆਂ ਅਤੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚਣ ਦੇ ਦੇਸ਼ ਧ੍ਰੋਹੀ ਕਦਮਾਂ ਕਾਰਨ ਬੇਰੁਜ਼ਗਾਰ-ਮਹਿੰਗਾਈ ’ਚ ਲੱਕ ਤੋੜਵਾਂ ਵਾਧਾ ਹੋਇਆ ਹੈ ਤੇ ਅਮੀਰ-ਗਰੀਬ ਵਿਚਕਾਰ ਆਰਥਿਕ ਪਾੜਾ ਖਤਰਨਾਕ ਹੱਦ ਤੱਕ ਵਧਿਆ ਹੈ। ਭਾਜਪਾ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਦਾ ਹੀ ਸਿੱਟਾ ਹੈ ਕਿ ਦੇਸ਼ ਦਾ ਆਰਥਿਕ ਢਾਂਚਾ ਭਾਰੀ ਮੰਦੀ ਦਾ ਸ਼ਿਕਾਰ ਹੈ, ਜਿੱਥੇ ਵਿਦਿਆ, ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ ਦੀ ਅਣਹੋਂਦ ਕਾਰਨ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਨੇ ਘੇਰ ਰੱਖਿਆ ਹੈ। ਸਨਅਤੀ ਤੇ ਖੇਤੀ ਸੰਕਟ ਕਾਰਨ ਮਜ਼ਦੂਰ-ਕਿਸਾਨ ਕਰਜ਼ੇ ਦੇ ਭਾਰ ਹੇਠਾਂ ਦੱਬੇ ਗਏ ਹਨ। ਬੇਸਹਾਰਾ ਲੋਕਾਂ ਦੀਆਂ ਖੁਦਕੁਸ਼ੀਆਂ ’ਚ ਭਾਰੀ ਵਾਧਾ ਹੋਇਆ ਹੈ। ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਤੇ ਵੱਡੇ ਧਨਵਾਨ ਲੋਕਾਂ ਦੇ 14 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਕੇ ਲੋਕਾਂ ਦੀ ਕਮਾਈ ’ਤੇ ਡਾਕਾ ਮਾਰਿਆ ਗਿਆ ਹੈ।  ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵਲੋਂ ਮੁਸਲਿਮ ਤੇ ਇਸਾਈ ਘੱਟ ਗਿਣਤੀਆਂ ’ਤੇ ਢਾਹੇ ਜਾ ਰਹੇ ਅਕਹਿ ਜ਼ੁਲਮ ਅਤੇ ਟੈਕਸਾਂ ਦੀ ਵੰਡ ’ਚ ਸੂਬਿਆਂ ਨਾਲ ਕੀਤਾ ਜਾ ਰਿਹਾ ਘੋਰ ਵਿਤਕਰਾ ਭਵਿੱਖ ਵਿਚ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਸਿੱਧ ਹੋਣਗੇ।


ਸਾਥੀ ਪਾਸਲਾ ਨੇ ਐਲਾਨ ਕੀਤਾ ਕਿ ਆਰ.ਐਮਪੀ.ਆਈ, ਅਤੇ ਐਮ.ਸੀ.ਪੀ.ਆਈ. (ਯੂ) ਸੰਘ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਸਾਮਰਾਜੀਆਂ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਵਿਰੁੱਧ ਵਿਚਾਰਧਾਰਕ ਤੇ ਰਾਜਸੀ ਸੰਘਰਸ਼ ਨਿਰੰਤਰ ਤਿੱਖਾ ਕਰੇਗੀ ਤੇ 2024 ਦੀਆਂ ਲੋਕ ਸਭਾ ਚੋਣਾਂ ਅੰਦਰ ਭਾਜਪਾ ਤੇ ਇਸਦੇ ਇਤਿਹਾਦੀਆਂ ਨੂੰ ਹਰਾਉਣ ਲਈ ਗੈਰ ਭਾਜਪਾ ਤੇ ਖੱਬੇ ਪੱਖੀ ਰਾਜਨੀਤਕ ਦਲਾਂ ਦੀ ਪੂਰਨ ਹਮਾਇਤ ਕਰੇਗੀ।
ਇਸ ਮੌਕੇ ਬੋਲਦਿਆਂ ਐਮ.ਸੀ.ਪੀ.ਆਈ.-ਯੂ. ਦੀ ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਸੰਘ ਸਮਰਥਤ ਮੋਦੀ ਸਰਕਾਰ ਵਲੋਂ ਦੇਸ਼ ਦੀਆਂ ਖੁਦ ਮੁਖਤਿਆਰ ਸੰਵਿਧਾਨਕ ਸੰਸਥਾਵਾਂ; ਚੋਣ ਕਮਿਸ਼ਨ, ਸੀਬੀਆਈ, ਈਡੀ, ਇਨਕਮ ਟੈਕਸ ਵਿਭਾਗ, ਕੌਮੀ ਸੁਰੱਖਿਆ ਸਲਾਹਕਾਰ ਆਦਿ ਨੂੰ ਅਪੰਗ ਬਣਾ ਦਿੱਤਾ ਗਿਆ ਹੈ। ਨਿਆਂ ਪ੍ਰਣਾਲੀ ਨੂੰ ਵੀ ਵਰਤਮਾਨ ਹੁਕਮਰਾਨਾਂ ਦੇ ਵਿਚਾਰਧਾਰਕ ਚੌਖਟੇ ’ਚ ਫਿਟ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਸ-ਪ੍ਰਸ਼ਾਸ਼ਨਿਕ ਮਸ਼ੀਨਰੀ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ। ਇਹ ਸਾਰੇ ਰੁਝਾਣ  ਭਾਰਤ ਅੰਦਰ ਤਾਨਾਸ਼ਾਹ ਢਾਂਚੇ ਦੀ ਕਾਇਮੀ ਦੇ ਖਤਰਨਾਕ ਸੰਕੇਤ ਹਨ।
ਆਰ.ਐਮ.ਪੀ.ਆਈ. ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ  ‘ਸੀਸੀਸੀ’, ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਯਤਨਸ਼ੀਲ ਦੇਸ਼ ਦੀਆਂ ਜਮਹੂਰੀ, ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਧਿਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਕਾਮਯਾਬੀ ਲਈ ਸਾਰੀਆਂ ਖੱਬੀਆਂ ਧਿਰਾਂ, ਸਿਵਲ ਸੁਸਾਇਟੀ ਅਤੇ ਬੁੱਧੀਜੀਵੀਆਂ ਨੂੰ ਇਕਜੁੱਟ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਆਰ.ਐਮ.ਪੀ.ਆਈ. ਦੀ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਨੀਤੀਆਂ, ਵਾਅਦਾ ਖਿਲਾਫੀਆਂ ਅਤੇ ਪ੍ਰਸ਼ਾਸ਼ਨਿਕ ਨਾਕਾਮੀਆਂ ਅਤੇ ਸੰਘਰਸ਼ੀ ਧਿਰਾਂ ‘ਤੇ ਚਲਾਏ ਜਾ ਰਹੇ ਜਬਰ ਦੇ ਕੁਹਾੜੇ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਜ ਕਮੇਟੀ ਨਸ਼ਾ ਸਮਗਲਰਾਂ ਅਤੇ ਮਾਫੀਆ ਤੰਤਰ ਦੀ ਮਨਚਾਹੀ ਲੁੱਟ ਖਿਲਾਫ਼ ਸੂਬੇ ਦੇ ਲੋਕਾਂ ਨੂੰ ਨਾਲ ਲੈਕੇ ਤਿੱਖਾ ਜਨ ਸੰਗਰਾਮ ਆਰੰਭੇਗੀ।


ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਦਾਊਦ, ਡਾ. ਸਤਨਾਮ ਸਿੰਘ ਅਜਨਾਲਾ, ਨੱਥਾ ਸਿੰਘ ਢੱਡਵਾਲ ਨੇ ਵੀ ਆਪਣੇ ਵਿਚਾਰ ਰੱਖੇ। 
ਰੈਲੀ ਵਿਚ ਪਾਸ ਕੀਤੇ ਗਏ ਮਤਿਆ ਰਾਹੀਂ ਭਾਜਪਾ ਦੇ ਫਿਰਕੂ ਫਾਸ਼ੀ ਅਤੇ ਕਾਰਪੋਰੇਟ ਪੱਖੀ ਏਜੰਡੇ ਨੂੰ ਭਾਂਜ ਦੇਣ ਅਤੇ ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰੀ ਜਬਰ ਨਾਲ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਰੈਲੀ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਨੱਥਾ ਸਿੰਘ ਢੱਡਵਾਲ, ਮੋਹਣ ਸਿੰਘ ਧਮਾਣਾ, ਐਮਸੀਪੀਆਈ (ਯੂ) ਦੇ ਮੰਗਤ ਰਾਮ ਲੌਂਗੋਵਾਲ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਰਘਬੀਰ ਸਿੰਘ ਪਕੀਵਾਂ, ਵੇਦ ਪ੍ਰਕਾਸ਼, ਰਘਬੀਰ ਕੌਰ ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਚਮਨ ਲਾਲ ਦਰਾਜਕੇ ਤੇ ਮੁਖਤਾਰ ਸਿੰਘ ਮੱਲ੍ਹਾ, ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸ਼ਿਵ ਕੁਮਾਰ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਸਕੱਤਰ ਜਸਵਿੰਦਰ ਸਿੰਘ ਢੇਸੀ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਗਿਆਨ ਗੁਪਤਾ ਸਕੱਤਰ ਪ੍ਰਿੰਸੀਪਲ ਪਿਆਰਾ ਸਿੰਘ, ਰੋਪੜ ਦੇ ਪ੍ਰਧਾਨ ਜਰਨੈਲ ਸਿੰਘ, ਨਵਾਂ ਸ਼ਹਿਰ ਦੇ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਤੇ ਸਕੱਤਰ ਕੁਲਦੀਪ ਸਿੰਘ ਦੌੜਕਾ ਆਦਿ ਹਾਜ਼ਰ ਸਨ। 
ਰੈਲੀ ਵਿਚ ਔਰਤਾਂ-ਮਰਦ ਲਾਲ ਚੁੰਨੀਆਂ ਤੇ ਦਸਤਾਰਾਂ ਸਜਾ ਕੇ, ਗਲਾਂ ਵਿਚ ਲਾਲ ਸਿਰੋਪਾ ਪਾ ਕੇ ਸ਼ਾਮਲ ਹੋਏ। ਕਿਰਤੀ-ਕਿਸਾਨਾਂ, ਨੌਜਵਾਨਾਂ ਦੀ ਲਾਮਿਸਾਲ ਸ਼ਮੂਲੀਅਤ ਅਤੇ ਬੁਲਾਰਿਆਂ ਦੀ ਮੌਜੂਦਾ ਚੁਣੌਤੀਆਂ ਨਾਲ ਮੇਚਵੀਂ ਰਾਜਸੀ ਸੁਰ ਪੱਖੋਂ ਇਹ ਰੈਲੀ ਬਿਨਾਂ ਸ਼ੱਕ ਇਤਿਹਾਸਕ ਕਹਾਏ ਜਾਣ ਦੀ ਹੱਕਦਾਰ ਹੈ। ਰੈਲੀ ਦੇ ਪੰਡਾਲ ਅਤੇ ਆਲੇ-ਦੁਆਲੇ ਦੀ ਝੰਡਿਆਂ-ਫਲੈਕਸਾਂ ਨਾਲ ਸ਼ਾਨਦਾਰ ਕ੍ਰਾਂਤੀਕਾਰੀ ਸਜਾਵਟ ਕੀਤੀ ਹੋਈ ਸੀ ਜਿਸ ਨੇ ਇਸ ਰੈਲੀ ਨੂੰ ਖਿੱਚ ਪਾਊ ਦਿੱਖ ਪ੍ਰਦਾਨ ਕੀਤੀ।
ਰੈਲੀ ਦੀ ਸਮਾਪਤੀ ਤੋਂ ਪਿੱਛੋਂ ਹਜ਼ਾਰਾਂ ਲੋਕਾਂ ਵਲੋਂ ਹੱਥਾਂ ਵਿਚ ਲਾਲ ਫੁਰੇਰੇ, ਤਖਤੀਆਂ, ਫਲੈਕਸਾਂ ਫੜ੍ਹ ਕੇ ਸ਼ਹਿਰ ਵਿਚ ਲਾਮਿਸਾਲ ਮਾਰਚ ਵੀ ਕੀਤਾ ਗਿਆ।

Leave a Reply

Your email address will not be published. Required fields are marked *