ਲੁਧਿਆਣਾ : ਐੱਚਆਈਵੀ ਪਾਜ਼ੀਟਿਵ ਵਿਅਕਤੀ ਨੇ ਲੱਕੜੀਆਂ ਦੀ ਚਿਤਾ ਬਣਾਕੇ ਖੁਦ ਨੂੰ ਲਾਈ ਅੱਗ,ਮੌਤ
ਲੁਧਿਆਣਾ, 28 ਫਰਵਰੀ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਹੈਬੋਵਾਲ ‘ਚ ਦੇਰ ਰਾਤ 40 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਤਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਐੱਚ.ਆਈ.ਵੀ. ਪਾਜੇਟਿਵ ਸੀ।ਉਸ ਨੇ ਖੁਦ ਲੱਕੜੀਆਂ ਦੀ ਚਿਤਾ ਬਣਾਈ ਤੇ ਉਸ ‘ਤੇ ਲੇਟ ਕੇ ਅੱਗ ਲਾ ਲਈ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਿਸੇ ਤਰ੍ਹਾਂ ਸੜੇ ਹੋਏ ਵਿਅਕਤੀ ਨੂੰ ਕਮਰੇ ‘ਚੋਂ ਬਾਹਰ ਕੱਢਿਆ ਗਿਆ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਵਜੋਂ ਹੋਈ ਹੈ।
ਲੋਕਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮਨੋਜ ਇਕੱਲਾ ਰਹਿੰਦਾ ਸੀ। ਉਸਦਾ ਵਿਆਹ ਨਹੀਂ ਹੋਇਆ ਸੀ। ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅੱਗ ਕਿਉਂ ਲਗਾਈ। ਉਹ ਲੰਬੇ ਸਮੇਂ ਤੋਂ ਕੋਈ ਕੰਮ ਵੀ ਨਹੀਂ ਕਰ ਰਿਹਾ ਸੀ। ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲੀਸ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਐੱਚਆਈਵੀ ਪਾਜ਼ੀਟਿਵ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ।