ਸ਼ਿਮਲਾ, 25 ਫਰਵਰੀ ,ਬੋਲੇ ਪੰਜਾਬ ਬਿਓਰੋ: ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਕਾਰਨ ਠੰਡ ਵਧ ਗਈ ਹੈ। ਸੂਬੇ ਦੇ ਅੱਠ ਸ਼ਹਿਰਾਂ ਵਿੱਚ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ 2 ਮਾਰਚ ਤੱਕ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ ’ਚ ਫਿਲਹਾਲ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮਾਰਚ ਤੱਕ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ।
ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਸੂਬੇ ਦੇ ਨੌਂ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ। ਲਾਹੌਲ-ਸਪੀਤੀ ਜ਼ਿਲ੍ਹੇ ਦਾ ਕੁਕੁਮਸੇਰੀ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ -13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੇਲੌਂਗ ਵਿੱਚ -11.7 ਡਿਗਰੀ, ਕਿਨੌਰ ਜ਼ਿਲ੍ਹੇ ਦੇ ਕਲਪਾ ਵਿੱਚ -7.2 ਡਿਗਰੀ, ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਵਿੱਚ -4 ਡਿਗਰੀ, ਕਿਨੌਰ ਦੇ ਰੇਕਾਂਗ ਪੀਓ ਵਿੱਚ -2.9 ਡਿਗਰੀ, ਸ਼ਿਮਲਾ ਦੇ ਕੁਫਰੀ ਵਿੱਚ -2.6 ਡਿਗਰੀ, ਚੰਬਾ ਜ਼ਿਲ੍ਹੇ ਵਿੱਚ ਭਰਮੌਰ ਵਿੱਚ -2.3 ਡਿਗਰੀ, ਡਲਹੌਜ਼ੀ ਵਿੱਚ -2.5 ਡਿਗਰੀ ਅਤੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ -2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਸੂਬੇ ਵਿੱਚ ਔਸਤਨ ਘੱਟੋ-ਘੱਟ ਤਾਪਮਾਨ ਵਿੱਚ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਦੋ ਦਿਨਾਂ ਯਾਨੀ 26 ਅਤੇ 27 ਫਰਵਰੀ ਨੂੰ ਪੂਰੇ ਸੂਬੇ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। 28 ਫਰਵਰੀ ਨੂੰ ਮੈਦਾਨੀ ਅਤੇ ਮੱਧ ਪਹਾੜੀ ਇਲਾਕਿਆਂ ‘ਚ ਮੌਸਮ ਸਾਫ ਰਹੇਗਾ, ਜਦਕਿ ਉੱਚੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਸਕਦੀ ਹੈ। 29 ਫਰਵਰੀ ਤੋਂ 2 ਮਾਰਚ ਤੱਕ ਪੂਰੇ ਸੂਬੇ ‘ਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਮੈਦਾਨੀ ਅਤੇ ਮੱਧ ਖੇਤਰਾਂ ‘ਚ ਬਾਰਿਸ਼ ਅਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।