ਪਟਿਆਲਾ, 25 ਫਰਵਰੀ ,ਬੋਲੇ ਪੰਜਾਬ ਬਿਓਰੋ: ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਹਰਿਆਣਾ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ‘ਤੇ ਤਸ਼ੱਦਦ ਢਾਹਿਆ ਗਿਆ ਹੈ, ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਕ ਪਾਸੇ ਹੋ ਕੇ ਖੜ੍ਹਨਾ ਪਵੇਗਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦਾ ਮਾਣ ਬਖਸ਼ਿਆ ਜਾਂ ਕਿਸਾਨਾਂ ‘ਤੇ ਜ਼ੁਲਮ ਕਰਨ ਵਾਲੀ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਹਨ।
ਇਹ ਗੱਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਕਹੀ। ਉਹ ਇਥੇ ਪੰਜਾਬ ਹਰਿਆਣਾ ਸਰਹੱਦ ‘ਤੇ ਲੰਘੇ ਦਿਨੀਂ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ ਪੁੱਛਣ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਜਿਸ ਹਥਿਆਰ ਦੇ ਛਰੇ ਕਿਸਾਨਾਂ ਦੇ ਲੱਗੇ ਹੋਏ ਹਨ, ਉਹ ਨਾ ਤਾਂ ਹਰਿਆਣਾ ਪੁਲਿਸ ਦੇ ਸਨ ਤੇ ਨਾ ਹੀ ਹਰਿਆਣੇ ਵਾਲੇ ਪਾਸਿਓਂ ਆਏ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪੂਰਨ ਜਾਂਚ ਹੋਣੀ ਚਾਹੀਦੀ ਹੈ ਕਿ ਇਹ 12 ਬੋਰ ਦਾ ਹਥਿਆਰ ਕਿਸਾਨਾਂ ਖ਼ਿਲਾਫ਼ ਕੌਣ ਵਰਤ ਰਿਹਾ ਹੈ। ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਆਉਂਦੀਆਂ ਸੰਸਦੀ ਚੋਣਾਂ ਵਿਚ ਆਪ ਨਾਲ ਕਾਂਗਰਸ ਦੇ ਜਿਨ੍ਹਾਂ ਵੀ ਸੂਬਿਆਂ ਵਿਚ ਸਮਝੌਤੇ ਹੋਏ ਹਨ, ਉਥੇ ਪ੍ਰਚਾਰ ਲਈ ਨਹੀਂ ਜਾਣਗੇ।