ਸੰਤੁਲਤ ਪਹੁੰਚ ਕਾਰਨ “ਹੁਣ” ਵਰਗੇ ਸਾਹਿਤਕ ਪਰਚਿਆਂ ਦੀ ਸਾਰਥਿਕਤਾ ਕਾਇਮ ਹੈ— ਡਾ. ਪਾਤਰ

Uncategorized

ਲੁਧਿਆਣਾਃ 24 ਫਰਵਰੀ,ਬੋਲੇ ਪੰਜਾਬ ਬਿਓਰੋ:

ਸੰਤੁਲਤ ਪਹੁੰਚ ਕਾਰਨ ਹੀ “ਹੁਣ” ਵਰਗੇ ਸਾਹਿਤਕ ਰਸਾਲਿਆਂ ਦੀ ਸਾਰਥਿਕਤਾ ਕਾਇਮ ਹੈ। ਚੌਮਾਸਿਕ ਸਾਹਿਤਕ ਮੈਗਜ਼ੀਨ ‘ਹੁਣ’ ਦੇ 48ਵੇਂ ਅੰਕ ਨੂੰ ਪੰਜਾਬੀ ਕਵੀ ਮਨਜਿੰਦਰ ਧਨੋਆ ਦੇ ਸਪੁੱਤਰ ਅਮਿਤ ਸਿੰਘ ਧਨੋਆ ਦੇ ਵਿਆਹ ਸਮਾਗਮਾਂ ਮੌਕੇ ਲੋਕ ਅਰਪਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪਹਿਲਾ ਵੱਡ ਆਕਾਰੀ ਮੈਗਜ਼ੀਨ ਸੀ ਜੋ ਇੰਗਲੈਂਡ ਵੱਸਦੇ ਪੰਜਾਬੀ ਕਵੀ ਮਰਹੂਮ ਅਵਤਾਰ ਜੰਡਿਆਲਵੀ ਦੀ ਪ੍ਰੇਰਨਾ ਨਾਲ ਸੁਸ਼ੀਲ ਦੁਸਾਂਝ ਨੇ ਲਗਪਗ ਡੇਢ ਦਹਾਕਾ ਪਹਿਲਾਂ ਸ਼ੁਰੂ ਕੀਤਾ। ਇਸ ਵਿੱਚ ਛਪਣਾ ਸਨਮਾਨ ਜਨਕ ਹੁੰਦਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੁਰਜੀਤ ਪਾਤਰ ਜੀ ਦੀ ਗੱਲ ਨਾਲ ਸਹਿਮਤੀ ਪਰਗਟ ਕਰਦਿਆਂ ਕਿਹਾ ਕਿ ‘ਹੁਣ’ ਸੱਚਮੁੱਚ ਮੁੱਲਵਾਨ ਸਾਹਿਤ ਛਾਪਦਾ ਹੈ। ਮੈਂ ਵੀ ਕਈ ਸਾਲ ਇਸ ਵਿੱਚ ਛਪਣ ਨੂੰ ਤਰਸਿਆ ਹਾਂ। ‘ਹੁਣ’ ਵਿੱਚ ਮੇਰੀ ਲੰਮੀ ਮੁਲਾਕਾਤ ਤਾਂ ਛਪ ਗਈ ਹੈ ਪਰ ਰਚਨਾਵਾਂ ਨੂੰ ਹਾਲੇ ਥਾਂ ਨਹੀਂ ਮਿਲਿਆ। “ਹੁਣ” ਸਹੀ ਅਰਥਾਂ ਵਿੱਚ ਪਾਰਖੂ ਸਾਹਿਤਕ ਪਰਚਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਵਿਸ਼ਵ ਸਾਹਿਤ ਦੇ ਉੱਚਤਮ ਨਮੂਨੇ ਛਾਪ ਕੇ ਸੁਸ਼ੀਲ ਸਾਹਿਤ ਦੀ ਵਿਸ਼ਵ ਖਿੜਕੀ ਖੋਲ੍ਹਦਾ ਹੈ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋ. ਜਸਵਿੰਦਰ ਧਨਾਨਸੂ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਸੁਰਿੰਦਰ ਕੌਰ ਭੱਠਲ, ਸ਼੍ਰੀਮਤੀ ਭੁਪਿੰਦਰ ਪਾਤਰ, ਕਮਲ ਦੁਸਾਂਝ, ਸਰਦਾਰਨੀ ਜਸਵਿੰਦਰ ਕੌਰ ਗਿੱਲ,ਜੀ ਜੀ ਐੱਨ ਖਾਲਸਾ ਕਾਲਿਜ ਦੇ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ, ਪ੍ਰਿੰਸੀਪਲ ਰਾਜਿੰਦਰ ਕੌਰ ਦਾਦ ਤੇ ਕੰਵਲਜੀਤ ਸਿੰਘ ਸ਼ੰਕਰ ਵੀ ਹਾਜ਼ਰ ਸਨ।
ਸੁਸ਼ੀਲ ਦੁਸਾਂਝ ਨੇ ਡਾ. ਸੁਰਜੀਤ ਪਾਤਰ ਤੇ ਬਾਕੀ ਲੇਖਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਆਹ ਦੇ ਜਸ਼ਨ ਵਿਚ ਸਾਹਿਤਕ ਰੰਗ ਘੋਲ਼ਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅੰਕ ਵਿੱਚ ਗੁਲ ਚੌਹਾਨ ਦੀ ਬਹੁਤ ਮੁੱਲਵਾਨ ਮੁਲਾਕਾਤ ਹੈ ਜਿਸ ਵਿੱਚ ਉਹ ਰੇਸ਼ਮੀ ਥਾਨ ਵਾਂਗ ਖੁੱਲ੍ਹਿਆ ਹੈ।

Leave a Reply

Your email address will not be published. Required fields are marked *