ਐਡਵੋਕੇਟ ਧਾਮੀ ਨੇ ਆਉਣ ਵਾਲੇ ਨਾਨਕਸ਼ਾਹੀ ਸੰਮਤ 556 ਦੀ ਸਿੱਖ ਜਗਤ ਨੂੰ ਦਿੱਤੀ ਵਧਾਈ
ਨਵੀਂ ਦਿੱਲੀ, 24 ਫ਼ਰਵਰੀ ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਨਾਨਕਸ਼ਾਹੀ ਸੰਮਤ 556 (ਸੰਨ 2024-25) ਦਾ ਕੈਲੰਡਰ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ।
ਕੈਲੰਡਰ ਜਾਰੀ ਕਰਨ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ। ਉਨ੍ਹਾਂ ਕਿਹਾ ਕਿ ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ, ਜਿਸ ਅਨੁਸਾਰ ਕੌਮਾਂ ਆਪਣੇ ਧਰਮ ਇਤਿਹਾਸ ਦੇ ਦਿਹਾੜੇ ਮਨਾਉਂਦੀਆਂ ਹਨ। ਸਿੱਖ ਕੌਮ ਨੂੰ ਮਾਣ ਹੈ ਕਿ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦਾ ਆਪਣਾ ਕੈਲੰਡਰ ਹੈ। ਉਨ੍ਹਾਂ ਸਿੱਖ ਜਗਤ ਨੂੰ ਨਾਨਕਸ਼ਾਹੀ ਕੈਲੰਡਰ ਹਰ ਗੁਰੂ-ਘਰ ਅਤੇ ਆਪੋ-ਆਪਣੇ ਘਰਾਂ ਵਿਚ ਲਗਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ ਅਨੁਸਾਰ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ। ਨਾਨਕਸ਼ਾਹੀ ਸੰਮਤ 556 ਦਾ ਕੈਲੰਡਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਹੈ ਅਤੇ ਇਹ ਸ਼ਤਾਬਦੀ ਦਿਹਾੜਾ ਸਿੱਖ ਕੌਮ ਵੱਲੋਂ ਸਤੰਬਰ ਮਹੀਨੇ ਵਿਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਜਾਵੇਗਾ। ਐਡਵੋਕੇਟ ਧਾਮੀ ਨੇ ਆਉਣ ਵਾਲੇ ਨਾਨਕਸ਼ਾਹੀ ਸੰਮਤ 556 ਦੀ ਸਿੱਖ ਜਗਤ ਨੂੰ ਵਧਾਈ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸਤਵਿੰਦਰ ਸਿੰਘ ਟੌਹੜਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਬਾਬਾ ਬਲਵਿੰਦਰ ਸਿੰਘ ਰਾੜਾ ਸਾਹਿਬ ਵਾਲੇ, ਡਾ. ਗੁਰਨਾਮ ਸਿੰਘ, ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ, ਮੈਨੇਜਰ ਸ. ਨਰਿੰਦਰ ਸਿੰਘ, ਵਧੀਕ ਮੈਨੇਜਰ ਸ. ਜਸਪਾਲ ਸਿੰਘ ਢੱਡੇ, ਸ. ਅਜੀਤ ਸਿੰਘ, ਸਕਾਲਰ ਸ. ਰਾਜਵਿੰਦਰ ਸਿੰਘ ਜੋਗਾ, ਸ. ਦਵਿੰਦਰ ਸਿੰਘ ਧਾਮੀ, ਸ. ਤੇਜਿੰਦਰਪਾਲ ਸਿੰਘ ਟਿੰਮਾ ਆਦਿ ਹਾਜ਼ਰ ਸਨ।